ਅੰਮ੍ਰਿਤਸਰ: ਪੰਜਾਬ ਵਿਚ ਡੇਂਗੂ ਦੇ ਵਧਦੇ ਕਹਿਰ ਨੂੰ ਦੇਖਦਿਆਂ ਹੋਇਆ ਅੰਮ੍ਰਿਤਸਰ ਦੇ ਸਿਹਤ ਵਿਭਾਗ ਦੇ ਅਮਲੇ ਵੱਲੋ ਕਮਰ ਕਸ ਲਈ ਗਈ ਹੈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਵੱਖਰੇ ਤੌਰ 'ਤੇ ਡੇਂਗੂ ਦੇ ਮਰੀਜਾਂ ਦੇ ਇਲਾਜ ਲਈ ਇਕ ਡੇਂਗੂ ਵਾਰਡ ਵੀ ਤਿਆਰ ਕੀਤੀ ਗਈ ਹੈ। ਜਿਸ ਵਿਚ 3 ਪੋਰਸ਼ਨ ਵਿਚ 18 ਬੈੱਡ ਲਗਾਏ ਗਏ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਰਾਜੂ ਚੌਹਾਨ ਨੇ ਦੱਸਿਆ ਕਿ ਡੇਂਗੂ ਦੇ ਵਧਦੇ ਕਹਿਰ ਤੋ ਲੋਕਾਂ ਨੂੰ ਬਚਾਉਣ ਲਈ ਸਿਵਲ ਹਸਪਤਾਲ ਵਿਚ ਡੇਂਗੂ ਵਾਰਡ ਤਿਆਰ ਕੀਤਾ ਗਿਆ ਹੈ। ਜਿਸ ਵਿਚ ਇਕ ਪੋਰਸ਼ਨ ਵਿਚ 6 ਅਤੇ ਪੂਰੀ ਵਾਰਡ ਵਿਚ 18 ਬੈਠ ਲਗਾਏ ਗਏ ਹਨ। ਪੰਜ ਦੇ ਕਰੀਬ ਸਟਾਫ ਨੂੰ ਤੈਨਾਤ ਕੀਤਾ ਗਿਆ ਹੈ।
ਇਸ ਤੋ ਇਲਾਵਾ ਜੋ ਮਰੀਜ਼ ਘਰੇ ਬੀਮਾਰ ਹਨ ਅਤੇ ਉਹਨਾ ਨੂੰ ਘਰੋਂ ਲਿਆਉਣ ਤੱਕ ਦੀ ਸੁਵਿਧਾ ਸਿਹਤ ਵਿਭਾਗ ਵੱਲੋ ਚਾਲੂ ਕੀਤੀ ਗਈ ਹੈ। ਡੇਂਗੂ ਦੇ ਮਰੀਜ਼ ਬਿਨਾ ਸੰਕੋਚ ਸਿਵਲ ਹਸਪਤਾਲ ਵਿਚ ਮੁਫਤ ਇਲਾਜ ਕਰਵਾ ਸਕਦੇ ਹਨ। ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਉਹ ਡੇਂਗੂ ਦੌਰਾਨ ਘੱਟਣ ਵਾਲੇ ਪਲੇਟਲੈਟਸ ਮੁਫਤ ਵਿੱਚ ਮਰੀਜ਼ ਨੂੰ ਚੜਾਉਣਗੇ। ਜਿਨ੍ਹਾਂ ਦੀ ਕੀਮਤ ਬਾਹਰ ਬਹੁਤ ਜ਼ਿਆਦਾ ਹੈ ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਲਈ ਮੁਫਤ ਦਵਾਈਆਂ ਦੇਣ ਦਾ ਪ੍ਰਬੰਧ ਵੀ ਮੁਕੰਮਲ ਹੋ ਗਿਆ ਹੈ।
ਜਿੱਥੋਂ ਤਕ ਟੈਸਟਿੰਗ ਦਾ ਸਵਾਲ ਹੈ, ਸਾਰੇ ਸਿਵਲ ਹਸਪਤਾਲਾਂ 'ਚ ਟੈਸਟ ਕੀਤੇ ਜਾ ਰਹੇ ਹਨ, ਜਿੱਥੇ ਡੇਂਗੂ ਅਤੇ ਚਿਕਨਗੁਨੀਆ ਦੇ ਸੈਂਪਲ ਲਏ ਜਾ ਰਹੇ ਹਨ। ਜ਼ਿਆਦਾਤਰ ਮਰੀਜ਼ ਇਕ ਹਫ਼ਤੇ ਦੇ ਅੰਦਰ ਖ਼ੁਦ ਨੂੰ ਬਿਹਤਰ ਮਹਿਸੂਸ ਕਰਦੇ ਹਨ। ਹਾਲਾਂਕਿ ਜੋੜਾਂ ਦਾ ਦਰਦ ਗੰਭੀਰ ਹੋ ਸਕਦਾ ਹੈ ਅਤੇ ਕਈ ਹਫ਼ਤਿਆਂ ਤੋਂ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਬੁਖ਼ਾਰ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਰੀਜ਼ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਬਹੁਤ ਸਾਰੇ ਤਰਲ ਪਦਾਰਥ ਲੈਣ ਅਤੇ ਦਵਾਈਆਂ ਜਿਵੇਂ ਕਿ ਅਸੀਟਾਮਿਨੋਫ਼ਿਨ ਜਾਂ ਪੈਰਾਸੀਟਾਮੋਲ ਲੈਣ ਲਈ ਕਿਹਾ ਜਾਂਦਾ ਹੈ। ਚਿਕਨਗੁਨੀਆ ਵਾਇਰਸ ਦੀ ਲਾਗ ਨੂੰ ਰੋਕਣ ਲਈ ਫਿਲਹਾਲ ਕੋਈ ਟੀਕਾ ਜਾਂ ਦਵਾਈ ਨਹੀਂ ਹੈ।
ਮੱਛਰ ਦੇ ਕੱਟਣ ਤੋਂ ਬਚਾਅ ਹੀ ਇਕੋ ਹੱਲ ਹੈ। ਡੇਂਗੂ ਦੇ ਨਵੇਂ ਕੇਸਾਂ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ। ਡਾਇਰੈਕਟਰ ਮੁਤਾਬਕ ਮਾਮਲਾ ਗੰਭੀਰ ਨਹੀਂ ਹੈ, ਜਿਵੇਂ ਕਿ ਪਿਛਲੀ ਵਾਰ ਮਾਮਲੇ ਬਹੁਤ ਗੰਭੀਰ ਸਨ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਦੀ ਲੋੜ ਸੀ। ਪਲੇਟਲੈਟਸ ਬਹੁਤ ਤੇਜ਼ੀ ਨਾਲ ਘੱਟ ਰਹੇ ਸਨ। ਹੁਣ ਤੱਕ ਮਾਮਲਿਆਂ 'ਚ ਜੋ ਦੇਖਿਆ ਗਿਆ ਹੈ, ਉਨ੍ਹਾਂ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਦਾ ਘਰ 'ਚ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਮੌਸਮ 'ਚ ਡੇਂਗੂ ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਵੱਧਣ ਲੱਗਦੇ ਹਨ।
ਇਹ ਵੀ ਪੜ੍ਹੋ:- ਮੋਰਬੀ ਹਾਦਸਾ: JNUSU ਨੇ ਗੁਜਰਾਤ ਦੀ ਭਾਜਪਾ ਸਰਕਾਰ ਤੋਂ ਮੰਗਿਆ ਅਸਤੀਫ਼ਾ