ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮ੍ਰਿਤਸਰ ਦੇ ਪਲਾਸਟਿਕ ਸਰਜਨ ਡਾ. ਵਿਕਾਸ ਕੱਕੜ ਤੇ ਉਨ੍ਹਾਂ ਦੀ ਟੀਮ ਨੇ ਇੱਕ 22 ਸਾਲਾਂ ਸਟੇਟ ਹਾਕੀ ਖਿਡਾਰੀ ਗੁਰਿੰਦਰ ਸਿੰਘ ਨੂੰ ਨਵੀ ਜ਼ਿੰਦਗੀ ਦਿੱਤੀ ਹੈ। ਗੁਰਵਿੰਦਰ ਸਿੰਘ ਘਰ ਵਿੱਚ ਹੀ ਸਿਲੰਡਰ ਫਟਣ ਦੇ ਹਾਦਸੇ ਵਿੱਚ ਬਹੁੱਤ ਹੀ ਬੁਰੇ ਤਰੀਕੇ ਨਾਲ ਸੜ੍ਹ ਗਿਆ ਸੀ ਜਿਸ ਤੋਂ ਬਾਅਦ ਡਾਕਟਰ ਨੇ ਉਸ ਦਾ ਸਫ਼ਲ ਇਲਾਜ ਕਰਕੇ ਉਸ ਨੂੰ ਨਵਾਂ ਜੀਵਨ ਦਾਨ ਦਿੱਤਾ।
ਹਾਕੀ ਦੇ ਰਾਸ਼ਟਰੀ ਪੱਧਰੀ ਖਿਡਾਰੀ ਸੁਖਮਨਜੀਤ ਸਿੰਘ ਉਮਰ 16 ਸਾਲ ਅਤੇ ਹਾਕੀ ਦਾ ਰਾਜ ਪੱਧਰੀ ਖਿਡਾਰੀ ਗੁਰਿੰਦਰ ਸਿੰਘ ਉਮਰ 22 ਸਾਲ ਸਪੁੱਤਰ ਰਾਮ ਸਿੰਘ ਮਿਤੀ 21 ਮਈ ਨੂੰ ਆਪਣੇ ਹੀ ਘਰ ਵਿੱਚ ਸਿਲੰਡਰ ਫੱਟ ਜਾਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਸਨ।
ਹਾਦਸੇ ਤੋਂ ਬਾਅਦ ਮਰੀਜ਼ਾਂ ਦੇ ਸਬੰਧੀਆਂ ਨੇ ਦੋਨਾਂ ਨੂੰ ਆਪਣੇ ਘਰ ਦੇ ਨੇੜੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਸੀ, ਜਿੱਥੇ ਸੁਖਮਨਜੀਤ ਸਿੰਘ ਦੀ ਮੌਤ ਹੋ ਗਈ ਅਤੇ ਗੁਰਿੰਦਰ ਸਿੰਘ ਦੀ ਹਾਲਤ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ। ਜਦ ਮਰੀਜ਼ ਦੇ ਪਰਿਵਾਰ ਨੂੰ ਸੁਖਮਨਜੀਤ ਸਿੰਘ ਦੀ ਮੌਤ ਬਾਰੇ ਪਤਾ ਲੱਗਾ ਤਾਂ 26 ਮਈ ਨੂੰ ਮਰੀਜ਼ ਦੇ ਸੰਬੰਧੀਆਂ ਨੇ ਗੁਰਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਦੀ ਐਮਰਜੈਂਸੀ ਵਿਖੇ ਦਾਖਲ ਕਰਵਾਇਆ।
ਜਿਸ ਸਮੇਂ ਮਰੀਜ਼ ਨੂੰ ਹਸਪਤਾਲ ਦੀ ਐਮਰਜੈਂਸੀ ਵਿਖੇ ਦਾਖਲ ਕਰਵਾਇਆ ਗਿਆ ਉਸ ਸਮੇਂ ਮਰੀਜ਼ ਦੀ ਚਮੜੀ 65 ਪ੍ਰਤੀਸ਼ਤ ਤੱਕ ਬਹੁੱਤ ਬੁਰੇ ਤਰੀਕੇ ਨਾਲ ਝੁਲਸੀ ਹੋਈ ਸੀ। ਅੰਮ੍ਰਿਤਸਰ ਦੇ ਨਾਮੀਂ ਪਲਾਸਟਿਕ ਅਤੇ ਮਾੲਕ੍ਰੋਵੈਸਕੁਲਰ ਸਰਜਨ ਡਾ. ਵਿਕਾਸ ਕੱਕੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਸ ਦੀ ਦੇਖਭਾਲ ਕੀਤੀ ਗਈ।
ਇੰਨ੍ਹਾਂ ਦੀਆਂ ਦਿਨ-ਰਾਤ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਦਕਾ ਮਰੀਜ਼ ਹੁਣ ਬਿਲਕੁੱਲ ਠੀਕ ਹੈ ਅਤੇ ਆਮ ਲੋਕਾ ਦੀ ਤਰ੍ਹਾਂ ਆਪਣੀ ਜਿੰਦਗੀ ਬਤੀਤ ਕਰਨ ਦੇ ਯੋਗ ਹੋ ਗਿਆ ਹੈ।
ਡਾ. ਕੱਕੜ ਨੇ ਕਿਹਾ ਕਿ ਅਜਿਹੀਆਂ ਸਰਜਰੀਆਂ ਬਹੁੱਤ ਹੀ ਚੁਣੋਤੀਪੂਰਨ ਹੁੰਦੀਆਂ ਹਨ, ਮਰੀਜ਼ ਦੇ ਬੁਰੀ ਤਰ੍ਹਾਂ ਝੁਲਸ ਚੁੱਕੇ ਅੰਗਾਂ ਨੂੰ ਠੀਕ ਕਰਨ ਲਈ ਛੋਟੀਆਂ ਖੂਨ ਦੀਆਂ ਨਾੜ੍ਹੀਆਂ, ਮਾਸਪੇਸ਼ੀਆਂ ਨੂੰ ਰਿਪੇਅਰ ਕਰਨ ਵਰਗੇ ਬਹੁੱਤ ਹੀ ਕਠਿਨ ਅਤੇ ਚੁਣੌਤੀਪੂਰਨ ਕੰਮ ਕਰਨ ਦੀ ਲੋੜ ਸੀ। ਉਸ ਨੂੰ ਹਸਪਤਾਲ ਦੇ ਕਾਬਲ ਡਾਕਟਰਾਂ ਦੀ ਟੀਮ ਦੁਆਰਾ ਸਫਲਤਾਪੂਰਵਕ ਇਲਾਜ ਕਰਕੇ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਰੀਰ ਦੇ ਬਹੁੱਤ ਹੀ ਬੁਰੇ ਤਰੀਕੇ ਨਾਲ ਸੜ੍ਹੇ ਹੋਏ ਅੰਗਾਂ ਨੂੰ ਪਲਾਸਟਿਕ ਸਰਜਰੀ ਦੁਆਰਾ ਪ੍ਰਭਾਵਸ਼ਾਲੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ।