ਅੰਮ੍ਰਿਤਸਰ: ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਆਗੂ ਭਾਈ ਗੁਰਮੇਜ ਸਿੰਘ ਬੀਏ ਨੇ ਕਿਹਾ ਕਿ 22 ਸਤੰਬਰ ਨੂੰ ਸ੍ਰੀ ਗੁਰੂ ਹਰਗੋਬਿੰਦ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐਮਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਟੇਜ 'ਤੇ ਚੱਲ ਰਹੇ ਸਮਾਗਮ ਵਿੱਚ ਵਿਘਨ ਪਾਉਂਦਿਆਂ ਤਾਰਾਂ ਤੋੜ ਦਿੱਤੀਆਂ, ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਮਰਿਆਦਾ ਨੂੰ ਭੰਗ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਐਮਏ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰ ਦਿੱਤੀ ਗਈ ਸੀ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਗੁਰਮੇਜ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਐਮਏ ਉਹ ਵਿਅਕਤੀ ਹੈ, ਜਿਸ 'ਤੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ। ਜਿਵੇਂ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਸੀ ਤੇ ਅਜੇ ਤੱਕ ਮੁਆਫ਼ ਨਹੀ ਕੀਤਾ ਗਿਆ, ਉਸੇ ਤਰ੍ਹਾਂ ਹੀ ਬਲਦੇਵ ਸਿੰਘ ਐਮਏ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਐਮਏ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਟੇਜ ਤੋਂ ਦੀਵਾਨ ਸਜਾਉਂਦਾ ਹੈ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇਸ਼ ਦੇ ਸਿਧਾਂਤ ਨੂੰ ਢਾਹ ਲੱਗ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅੰਤ੍ਰਿੰਗ ਕਮੇਟੀ ਮੈਂਬਰਾਂ, ਧਰਮ ਪ੍ਰਚਾਰ ਕਮੇਟੀ ਨੂੰ ਆਪਣਾ ਪੱਖ ਦੱਸਿਆ। ਗੁਰਮੇਲ ਸਿੰਘ ਬੀਏ ਦਾ ਕਹਿਣਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਕਲੀ ਚਿੱਠੀ ਮੁਤਾਬਕ 15 ਦਿਨ ਆਪਣੇ ਸਮਾਗਮ ਕਰਦੇ ਹਾਂ ਪਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਹਰਗੋਬਿੰਦ ਢਾਡੀ ਸਭਾ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ ਮੰਨਦੇ। ਉਨ੍ਹਾਂ ਬਲਦੇਵ ਸਿੰਘ ਐਮਏ ਨੂੰ ਸਵਾਲ ਕੀਤਾ ਕਿ ਉਹ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਤੇ ਫਿਰ ਸੰਗਤਾਂ ਵਿੱਚ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੋੜਨ ਲਈ ਸੰਗਤਾਂ ਨੂੰ ਕਿਵੇਂ ਪ੍ਰੇਰਿਤ ਕਰਦੇ ਹੋਣਗੇ?
ਗੁਰਮੇਜ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਬਲਦੇਵ ਸਿੰਘ ਐਮਏ ਦਾ ਲੰਗੋਟੀਆ ਯਾਰ ਹੈ, ਇਸ ਲਈ ਲੋਕਾਂ ਵਿੱਚ ਦਹਿਸ਼ਤ ਪਾ ਕੇ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਨਾਲ ਹੋਈ ਲੜਾਈ ਵਿਚ ਭੂਰਾ ਕੋਹਨਾ ਨਾਲ ਜੋ ਹੋਈ, ਉਸ ਤੋਂ ਵੱਧ ਜਾਗਦੀਆਂ ਜ਼ਮੀਰਾਂ ਵਾਲੇ ਢਾਡੀ ਕਰਨਗੇ। ਇਸ ਲਈ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਾਡਾ ਸਾਥ ਡਟ ਕੇ ਦੇਣ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਯੋਧਿਆਂ, ਸੂਰਮਿਆਂ ਦੇ ਇਤਿਹਾਸ ਨੂੰ ਸੁਣਾਇਆ ਜਾਵੇ ਅਤੇ ਗਲਤ ਬੰਦਿਆਂ ਨੂੰ ਪਾਸੇ ਕੀਤਾ ਜਾ ਸਕੇ।