ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ (Sri Akal Takht Sahib) ਨਾਲ ਸਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਵਿੱਚ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal), ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਸਮੇਤ ਹੋਰ ਪੰਥਕ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ ਨੂੰ ਸਾਂਝਾ ਕੀਤਾ। ਸੰਸਥਾ ਵੱਲੋਂ ਪਾਏ ਪੰਥਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੰਥਕ ਇਕਜੁਟਤਾ ਦੀ ਲੋੜ ’ਤੇ ਜ਼ੋਰ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖ ਪੰਥ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ ਅਤੇ ਇਸ ਨੇ 100 ਸਾਲਾ ਸਫ਼ਰ ਦੌਰਾਨ ਜਿਥੇ ਕਈ ਉਤਰਾ-ਚੜ੍ਹਾਅ ਦੇਖੇ, ਉਥੇ ਹੀ ਵੱਡੇ ਕਾਰਜਾਂ ਨੂੰ ਵੀ ਅੰਜਾਮ ਦਿੱਤਾ। ਉਨ੍ਹਾਂ ਆਖਿਆ ਕਿ ਸਰਕਾਰੀ ਜਬਰ ਅਤੇ ਜ਼ੁਲਮ ਦਾ ਮੁਕਾਬਲਾ ਕਰਦਿਆਂ ਇਸ ਸੰਸਥਾ ਦੇ ਸੈਂਕੜੇ ਮੈਂਬਰ ਅਤੇ ਮੁਲਾਜ਼ਮ ਸ਼ਹੀਦ ਹੋਏ ਅਤੇ ਭਰਵੀਂ ਗਿਣਤੀ ਨੇ ਜੇਲ੍ਹਾਂ ਕੱਟੀਆਂ। ਸਿੱਖ ਸੰਸਥਾ ਨੇ ਕਦੀ ਵੀ ਜ਼ਬਰ-ਜ਼ੁਲਮ ਅੱਗੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਜ਼ੁਲਮ ਨੂੰ ਸਹਾਰਦਿਆਂ ਹੋਰ ਅੱਗੇ ਵਧਣ ਦਾ ਜਿਗਰਾ ਬਣਾਈ ਰੱਖਿਆ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੌਮ ਵੱਲੋਂ ਕੁਰਬਾਨੀਆਂ ਦੇ ਕੇ ਸਥਾਪਿਤ ਕੀਤੀ ਗਈ ਸੰਸਥਾ ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਪੂਰੀ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਉਹ ਕਿਹਾ ਕਿ ਉਹ ਇਕੋ-ਇਕ ਲੋਕਤੰਤਰੀ ਸੰਸਥਾ ਹੈ, ਜੋ ਆਜ਼ਾਦ ਪਾਰਲੀਮੈਂਟ ਦੀ ਤਰ੍ਹਾਂ ਸਿੱਖ ਗੁਰਧਾਮਾਂ ਦਾ ਪ੍ਰਬੰਧ ਕਰਦੀ ਹੈ। ਇਸ ਨੇ ਆਪਣੀ ਸਥਾਪਨਾ ਦੇ ਸਮੇਂ ਤੋਂ ਲੈ ਕੇ ਵੱਡੇ ਕਾਰਜ ਕੀਤੇ ਹਨ ਅਤੇ ਪੂਰੀ ਦੁਨੀਆ ਵਿੱਚ ਜਿੱਥੇ ਵੀ ਸਿੱਖਾਂ ਨੂੰ ਮੁਸ਼ਕਿਲ ਆਈ ਉਸ ਦੀ ਪੈਰਵਾਈ ਕੀਤੀ।
ਇਹ ਵੀ ਪੜ੍ਹੋ: ਉੱਘੇ ਗਾਇਕ ਸੁਖਵਿੰਦਰ ਸਿੰਘ ਤੇ ਸ਼ਾਇਰ ਸੁਰਜੀਤ ਪਾਤਰ ਨੂੰ ਕੈਬਿਨਟ ਰੈਂਕ ਦੇਣ ਦਾ ਐਲਾਨ