ਦਰਅਸਲ, ਲੋਕਾਂ ਦਾ ਇਲਜ਼ਾਮ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਦੀ ਜ਼ਮੀਨਾਂ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ ਤੇ ਜੇ ਉਹ ਉਨ੍ਹਾਂ ਨੂੰ ਆਪਣੀ ਜ਼ਮੀਨ ਵਾਪਸ ਕਰਨ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਦੱਸ ਦਈਏ ਕਿ ਲੋਕ ਭਲਾਈ ਇਨਸਾਫ਼ ਵੈਲਫੇਅਰ ਸੋਸਾਇਟੀ ਇਸਦੇ ਵਿਰੋਧ 'ਚ ਰੋਸ ਮਾਰਚ ਕੱਢ ਰਹੀ ਹੈ। ਅੱਜ ਇਕ ਰੋਸ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦਵਾਰਾ ਅੰਬ ਸਾਹਿਬ ਪਹੁੰਚਿਆ। ਇਸ ਰੋਸ ਮਾਰਚ ਵਿੱਚ ਬਿਆਸ ਇਲਾਕੇ ਨਾਲ ਲਗਦੇ ਪਿੰਡਾਂ ਦੇ ਲੋਕ ਵੀ ਸਨ, ਜਿਨ੍ਹਾਂ ਦੀਆ ਜ਼ਮੀਨਾਂ ਉੱਪਰ ਬਾਬੇ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ।
ਸੋਸਾਇਟੀ ਦਾ ਕਹਿਣਾ ਹੈ ਕਿ ਰਾਧਾ ਸਵਾਮੀ ਡੇਰੇ ਨੇ ਜ਼ਬਰਦਸਤੀ ਬਿਆਸ ਡੇਰੇ ਨਾਲ ਲਗਦੀਆਂ ਜ਼ਮੀਨਾਂ ਉੱਪਰ ਕਬਜ਼ਾ ਕੀਤਾ ਹੋਇਆ ਹੈ ਅਤੇ ਪ੍ਰਸ਼ਾਸਨ ਬਾਬੇ ਅੱਗੇ ਲਾਚਾਰ ਨਜ਼ਰ ਆ ਰਿਹਾ ਹੈ। ਸੋਸਾਇਟੀ ਦਾ ਇਲਜ਼ਾਮ ਹੈ ਕਿ ਡੇਰਾ ਬਿਆਸ ਵਾਲੇ ਬਾਬਿਆਂ ਨੇ ਕਰੀਬ 22 ਹਜ਼ਾਰ ਏਕੜ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਦਰਿਆ ਬਿਆਸ ਦੇ ਕੁਦਰਤੀ ਵਹਾਅ ਨੂੰ ਬੰਨ ਮਾਰ ਕੇ ਮੋੜਿਆ ਹੋਇਆ ਹੈ।
ਸੋਸਾਇਟੀ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੀ ਬਾਬੇ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੋਇਆ ਹੈ ਜਦਕਿ ਗ੍ਰਹਿ ਵਿਭਾਗ ਵੱਲੋਂ ਸਰਕਾਰ ਨੂੰ ਕਾਰਵਾਈ ਦੇ ਹੁਕਮ ਆਏ ਹੋਏ ਹਨ, ਪਰ ਸਭ ਅੱਖਾਂ ਬੰਦ ਕਰ ਬੈਠੇ ਹੋਏ ਹਨ।