ਅੰਮ੍ਰਿਤਸਰ : ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਸਾਰੇ ਪਾਸੇ ਪੁਲਿਸ ਨੇ ਹਾਈ ਅਲਰਟ ਕੀਤਾ ਹੋਇਆ ਹੈ, ਪਰ ਫ਼ਿਰ ਵੀ ਪੁਲਿਸ ਦੀ ਹਾਈ ਅਲਰਟ ਦੇ ਬਾਵਜੂਦ ਗੈਂਗਸਟਰ ਉਸ ਦੀਆਂ ਧੱਜੀਆਂ ਉਡਾ ਰਹੇ ਹਨ।
ਇਸੇ ਤਰ੍ਹਾਂ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਕ ਪਾਸੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਰਹੇ ਹਨ ਅਤੇ ਦੂਜੇ ਪਾਸੇ ਗੋਲੀਆਂ ਚਲਾ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਅੰਮ੍ਰਿਤਸਰ ਦੀ 100 ਫੁੱਟੀ ਰੋਡ 'ਤੇ ਰਾਜਬੀਰ ਨਾਂ ਦੇ ਨੌਜਵਾਨ ਨੂੰ ਸ਼ਾਮ ਦੁਕਾਨ ਬੰਦ ਕਰਦੇ ਹੋਏ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ।
ਤੁਹਾਨੂੰ ਦੱਸ ਦਈਏ ਕਿ ਰਾਜਬੀਰ ਨਾਂ ਦਾ ਇੱਕ ਨੌਜਵਾਨ ਜੋ ਕਿ ਸ਼ੀਸ਼ੇ ਦੀ ਦੁਕਾਨ ਕਰਦਾ ਹੈ ਉਹ ਜਦੋਂ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੀ ਤੋਂ ਬਾਅਦ ਉਹ ਸਾਰੇ ਫ਼ਰਾਰ ਹੋ ਗਏ। ਤਿੰਨੋਂ ਗੋਲੀਆਂ ਉਸ ਦੇ ਦੁਕਾਨ ਦੇ ਸ਼ਟਰ ਵਿੱਚ ਜਾ ਲੱਗੀਆਂ ਤੇ ਇਕ ਗੋਲੀ ਉਸਦੇ ਮੋਢੇ 'ਤੇ ਲੱਗੀ। ਰਾਜਬੀਰ ਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ ਅਤੇ ਦਾਖ਼ਲ ਕਰਵਾ ਕੇ ਇਲਾਜ਼ ਸ਼ੁਰੂ ਕਰਵਾਇਆ ਗਿਆ ਅਤੇ ਡਾਕਟਰਾਂ ਮੁਤਾਬਕ ਰਾਜਬੀਰ ਖਤਰੇ ਤੋਂ ਬਾਹਰ ਹੈ।
ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜਬੀਰ ਉੱਤੇ ਇੱਕ ਹਫ਼ਤਾ ਪਹਿਲਾਂ ਵੀ ਹਮਲਾ ਹੋਇਆ ਸੀ। ਉਸ ਦੀ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਸੀ ਤੇ ਅੱਜ ਉਨ੍ਹਾਂ ਉਸ ਹਮਲੇ ਦੀ ਸਸੀਟੀਵੀ ਫੁਟੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜਬੀਰ ਦੇ ਹੋਸ਼ ਵਿਚ ਆਉਣ ਤੋਂ ਬਾਅਦ ਉਸ ਦੇ ਬਿਆਨ ਦਰਜ ਕਰਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਹਮਲੇ ਦੀ ਸਸੀਟੀਵੀ ਫੁਟੇਜ ਖੰਗਾਲ ਰਹੇ ਦੋਸ਼ੀ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।