ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਮਜੀਠਾ ਪੁਲਿਸ ਨੇ ਆਰੋਪੀ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਦਿਆਰਥਣ ਦੀ ਮਾਂ ਨੇ ਦਸਿਆ ਕਿ ਉਸ ਦੀਆਂ ਦੋ ਧੀਆਂ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀਆਂ ਹਨ। ਸਰਦੀਆਂ ਦੀਆਂ ਛੁੱਟੀਆਂ ਹੋਣ ਤੋਂ ਬਾਅਦ ਜਦੋਂ ਬੱਚੀਆਂ ਨੂੰ ਸਕੂਲ ਜਾਣ ਲਈ ਕਿਹਾ ਤਾਂ ਉਹਨਾਂ ਨੇ ਇਨਕਾਰ ਕੀਤਾ ਕਿ ਉਹ ਸਕੂਲ ਨਹੀਂ ਜਾਣਗੀਆਂ। ਜਦੋਂ ਮਾਪਿਆਂ ਨੇ ਬੱਚੀਆਂ ਨੂੰ ਵਜ੍ਹਾ ਪੁੱਛੀ ਤਾਂ ਸੁਨ ਕੇ ਹਰ ਕੋਈ ਹੈਰਾਨ ਰਹਿ ਗਿਆ। ਬੱਚੀਆਂ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਵੱਲੋਂ ਗੰਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ। ਇਸ ਲਈ ਸਕੂਲ ਜਾਣ ਤੋਂ ਡਰ ਲੱਗਦਾ ਹੈ।
IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ: ਉਥੇ ਹੀ ਇਸ ਮਾਮਲੇ ਸਬੰਧੀ ਮਜੀਠਾ ਸਬ ਡਵੀਜ਼ਨ ਦੇ ਸਰਕਾਰੀ ਸਕੂਲ ਵਿੱਚ ਹੋਈ ਅਜਿਹੀ ਕਰਤੂਤ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਿਣਸੀ ਸੋਸ਼ਣ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਅਧਿਆਪਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਮਾਮਲੇ ਸਬੰਧੀ ਜਾਂਚ ਕਰ ਰਹੇ ਮਜੀਠਾ ਥਾਣੇ ਦੇ ਐਸ ਐਚ ਓ ਅਮਲੋਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਅਧਿਆਪਕ ਖਿਲਾਫ ਧਾਰਾ 354, 354 ਏ ਆਈ ਪੀ ਸੀ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਅਧਿਆਪਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਸਕੂਲ ਵੀ ਨਹੀਂ ਰਹੇ ਮਹਿਫੂਜ਼ : ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿਥੇ ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਮਹਿਫੂਜ਼ ਸਮਝ ਕੇ ਛੱਡਦੇ ਹਨ। ਅਗਰ ਉਹੀ ਜਗ੍ਹਾ ਮਹਿਫੂਜ਼ ਨਾ ਰਹੀ ਤਾਂ ਫਿਰ ਸਮਾਜ ਦੀ ਤਰੱਕੀ ਕਿੰਝ ਹੋਵੇਗੀ। ਜੇਕਰ ਸਕੂਲ ਵਿੱਚ ਹੀ ਇੱਕ ਸਕੂਲ ਦਾ ਅਧਿਆਪਕ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਹੋਵੇ ਤੇ ਉਸ ਨਾਲ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਤਾਂ ਹਰ ਇੱਕ ਵਿਅਕਤੀ ਇਸ ਉੱਪਰ ਵਿਸ਼ਵਾਸ ਕਰ ਸਕਦਾ ਹੈ। ਉਥੇ ਹੀ ਇਸ ਮਾਮਲੇ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਮਜੀਠਾ ਤੋਂ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਨਿੰਦਾ ਕੀਤੀ ਅਤੇ ਭਗਵੰਤ ਮਾਨ ਨੂੰ ਟਵੀਟ ਕਰਕੇ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬਿਕਰਮ ਮਜੀਠੀਆ ਨੇ ਕੀਤੀ ਕਾਰਵਾਈ ਦੀ ਮੰਗ : ਉਹਨਾਂ ਕਿਹਾ ਮਜੀਠਾ ਹਲਕੇ 'ਚ ਸਰਕਾਰੀ ਸਕੂਲ ਵਿਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਛੇੜਛਾੜ ਕਰਨਾ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ਵਿਚ ਬੇਸ਼ੱਕ ਕੇਸ ਤਾਂ ਦਰਜ ਹੋ ਗਿਆ ਹੈ ਪਰ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਕੋਈ ਨਹੀਂ ਹੋ ਰਹੀ। ਜਿਹੇ ਅਧਿਆਪਕ ਨੂੰ ਤੁਰੰਤ ਬਰਖ਼ਾਸਤ ਕਰਕੇ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਘਟਨਾ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਰੋ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਦੋਸ਼ੀ ਕਿੰਨੀ ਦੇਰ ਤੱਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਰਹਿੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।