ਅੰਮ੍ਰਿਤਸਰ : ਇੱਕ ਪਾਸੇ ਸੂਬੇ ਦੀਆਂ ਸਰਕਾਰੀ ਬੱਸਾਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀਆਂ ਹਨ ਤਾਂ ਦੂਜੇ ਪਾਸੇ ਕਈ ਵਾਰ ਉਹ ਇਸ ਮੰਦਹਾਲੀ ਦੇ ਕਾਰਨ ਹਾਦਸੇ ਦਾ ਸ਼ਿਕਾਰ ਵੀ ਹੋਈਆਂ ਹਨ। ਕਈ ਬੱਸਾਂ ਜੋ ਡਿਪੂਆਂ 'ਚ ਸਿਰਫ਼ ਇਸ ਲਈ ਖੜੀਆਂ ਹਨ ਕਿ ਉਨ੍ਹਾਂ 'ਚ ਪਾਉਣ ਲਈ ਤੇਲ ਨਹੀਂ ਹੈ ਜਾਂ ਫਿਰ ਬੱਸ ਦੇ ਟਾਇਰ ਇੰਨੇ ਖਸਤਾ ਹਾਲਤ ਨੇ ਕਿ ਉਹ ਚੱਲਣਯੋਗ ਨਹੀਂ ਹੁੰਦੇ। ਇਸ ਵਿਚਾਲੇ ਅੰਮ੍ਰਿਤਸਰ ਰੋਡਵੇਜ਼ ਦੀ ਵਰਕਸ਼ਾਪ 'ਚ ਸਵੇਰੇ ਤੜਕਸਾਰ ਖੜੀ ਬੱਸ ਨੂੰ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਸੜ ਕੇ ਪੂਰੀ ਤਰਾਂ ਸੁਆਹ ਹੋ ਗਈ।
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ: ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਸ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਸ 'ਚ ਸ਼ਾਟ ਸਰਕਟ ਹੋਣ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ, ਜੋ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਬੱਸ ਨੂੰ ਲੱਗੀ ਅੱਗ 'ਚ ਆਸ ਪਾਸ ਖੜੀਆਂ ਹੋਰ ਬੱਸਾਂ ਵੀ ਨੁਕਸਾਨੀਆਂ ਗਈਆਂ, ਜਿੰਨਾਂ ਦੇ ਕੁਝ ਹਿੱਸੇ ਅੱਗ ਨਾਲ ਨੁਕਸਾਨੇ ਗਏ।
ਚੰਡੀਗੜ੍ਹ ਤੋਂ ਅੰਮ੍ਰਿਤਸਰ ਆਈ ਸੀ ਬੱਸ: ਇਸ ਸਬੰਧੀ ਪਨਬਸ ਯੂਨੀਅਨ ਦੇ ਸੂਬਾ ਪ੍ਰਧਾਨ ਜੋਧ ਸਿੰਘ ਨੇ ਦੱਸਿਆ ਕਿ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਈ ਸੀ ਤੇ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਇਸ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਪੁੱਜੇ ਮੁਲਾਜ਼ਮਾਂ ਨੇ ਹੀ ਬੱਸ ਨੂੰ ਅੱਗ ਲੱਗਦੀ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਉਚ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਜਿੰਨਾਂ ਵਲੋਂ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
15 ਮਿੰਟਾਂ 'ਚ ਸੜ ਕੇ ਹੋਈ ਸੁਆਹ: ਇਸ ਦੇ ਨਾਲ ਹੀ ਸੂਬਾ ਪ੍ਰਧਾਨ ਨੇ ਦੱਸਿਆ ਕਿ ਬੱਸ ਪੂਰੀ ਤਰਾਂ ਆਟੋਮੈਟਿਕ ਹੋਣ ਕਾਰਨ ਸ਼ਾਟ ਸਰਕਟ ਦੇ ਨਾਲ ਇਹ ਅੱਗ ਲੱਗੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੱਸ ਦੀ ਕੀਮਤ 28 ਲੱਖ ਦੇ ਕਰੀਬ ਹੈ, ਜਿਸ ਨਾਲ ਕਾਫ਼ੀ ਨੁਕਸਾਨ ਜੋ ਸਰਕਾਰ ਨੂੰ ਹੋਇਆ ਹੈ। ਉਨ੍ਹਾਂ ਦੱਸਿਆ ਕਿ 15 ਮਿੰਟਾਂ 'ਚ ਹੀ ਸਾਰੀ ਬੱਸ ਸੜ ਗਈ ਤੇ ਕੁਝ ਕੁ ਹੀ ਹਿੱਸੇ ਬਚੇ ਹਨ। ਉੇਨ੍ਹਾਂ ਕਿਹਾ ਕਿ ਗਨੀਮਤ ਰਹੀ ਕਿ ਰਾਹ 'ਚ ਅਜਿਹਾ ਕੋਈ ਹਾਦਸਾ ਨਹੀਂ ਵਾਪਰਿਆ ਨਹੀਂ ਸਵਾਰੀਆਂ ਨੂੰ ਬੱਸ ਤੋਂ ਨਿਕਲਣ ਦਾ ਸਮਾਂ ਤੱਕ ਨਹੀਂ ਮਿਲਣਾ ਸੀ। ਉਨ੍ਹਾਂ ਦੱਸਿਆ ਕਿ ਸਾਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ ਪਨਬਸ ਵਿਭਾਗ ਨੇ ਵੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।।