ਅੰਮ੍ਰਿਤਸਰ : ਪੁਲਿਸ ਦੀ ਵਰਦੀ ਨੂੰ ਆਪਣੇ ਹੱਥਾਂ 'ਚ ਫੜ੍ਹ ਧਰਨਾ ਦੇ ਰਿਹਾ, ਇਹ ਵਿਅਕਤੀ ਹੈ ਸਤਨਾਮ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚੋਂ ਰਿਟਾਇਰਡ ਸਬ-ਇੰਸਪੈਕਟਰ ਹੈ।ਥਾਣਾ ਰਾਮਦਾਸ ਦੇ ਬਾਹਰ ਬੈਠਾ ਆਪਣੇ ਹੀ ਪੁਲਿਸ ਵਿਭਾਗ ਤੋਂ ਆਪਣੀ ਜ਼ਮੀਨ 'ਤੇ ਹੋਏ ਨਜਾਇਜ਼ ਕਬਜੇ ਨੂੰ ਛਡਵਾਉਣ ਲਈ ਗੁਹਾਰ ਲਗਾ ਰਿਹਾ ਹੈ।
ਆਪਣੇ ਇਸ ਅਨੌਖੇ ਪ੍ਰਦਰਸ਼ਨ ਬਾਰੇ ਗੱਲ ਕਰਦੇ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ 'ਤੇ ਉਸ ਦੇ ਹੀ ਭਤੀਜਿਆਂ ਵਲੋਂ ਨਜਾਇਜ਼ ਤੌਰ ਉੱਤੇ ਕਬਜਾ ਕੀਤਾ ਹੋਇਆ ਹੈ।ਪਰ ਬਾਰ-ਬਾਰ ਪੁਲਿਸ ਨੂੰ ਇਸ ਦੀ ਸ਼ਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ।
ਇਹ ਵੀ ਪੜ੍ਹੋ : ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਸਕੂਲ ਵੈਨ ਨੂੰ ਅਚਾਨਕ ਲੱਗੀ ਅੱਗ, 4 ਬੱਚਿਆਂ ਦੀ ਮੌਤ
ਸਤਨਾਮ ਸਿੰਘ ਨੇ ਦੱਸਿਆ ਕਿ ਇਨਸਾਫ ਦੇਣ ਦੀ ਬਜਾਏ ਥਾਣਾ ਮੁੱਖੀ ਵਲੋਂ ਉਸ ਨੂੰ ਹੀ ਦਮਕੇ ਮਾਰੇ ਜਾ ਰਹੇ ਹਨ।ਉਨ੍ਹਾਂ ਆਖਿਆ ਕਿ ਜੇ ਪੁਲਿਸ ਆਪਣੇ ਇੱਕ ਸਾਬਕਾ ਮੁਲਾਜ਼ਮ ਨੂੰ ਇਨਸਾਫ ਨਹੀਂ ਦੇ ਸਕਦੀ ਤਾਂ ਆਮ ਲੋਕ ਕਿਸ ਤਰ੍ਹਾਂ ਪੁਲਿਸ ਤੋਂ ਇਨਸਾਫ ਦੀ ਉਮੀਦ ਰੱਖ ਸਕਦੇ ਹਨ।
ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਥਾਣਾ ਰਾਮਦਾਸ ਦੇ ਮੁੱਖੀ ਮਨਤੇਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ।ਪਰ ਦੂਜੀ ਧਿਰ ਨੂੰ ਬਾਰ-ਬਾਰ ਬੁਲਾਏ ਜਾਣ ਦੇ ਬਾਵਜੂਦ ਵੀ ਉਹ ਧਿਰ ਪੇਸ਼ ਨਹੀਂ ਹੋ ਰਹੀ।ਉਨ੍ਹਾਂ ਆਖਿਆ ਕਿ ਦੋਵਾਂ ਧਿਰਾਂ ਨੂੰ ਆਹਮਣੇ ਸਾਹਮਣੇ ਬੈਠਾ ਕੇ ਇਸ ਮਾਮਲੇ ਦੀ ਸੱਚਾਈ ਪਤਾ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।