ਅੰਮ੍ਰਿਤਸਰ: ਜਥੇਦਾਰ ਹਰਪ੍ਰੀਤ ਸਿੰਘ ਦੇ ਇਨਕਾਰ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਜ਼ੈੱਡ ਸੁਰੱਖਿਆ ਦੇ ਦਿੱਤੀ ਹੈ। ਕੇਂਦਰ ਨੇ ਜ਼ੈੱਡ ਸੁਰੱਖਿਆ ਦਿੰਦੇ ਹੋਏ ਪਹਿਲੇ 6 ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਇਸਦੇ ਨਾਲ ਹੀ ਹੋਰ ਸੁਰੱਖਿਆ ਮੁਲਾਜ਼ਮ ਵੀ ਜਲਦੀ ਹੀ ਉਨ੍ਹਾਂ ਦੇ ਸੁਰੱਖਿਆ ਕਾਫਲੇ ਵਿਚ ਸ਼ਾਮਲ ਹੋਣਗੇ। ਇਸ ਸੁਰੱਖਿਆ ਟੀਮ ’ਚ ਸੀਆਰਪੀਐਫ ਦਾ ਇੱਕ ਹੈੱਡ ਕਾਂਸਟੇਬਲ, 4 ਕਾਂਸਟੇਬਲ ਅਤੇ ਇੱਕ ਡਰਾਈਵਰ ਸ਼ਾਮਿਲ ਹੈ।
ਸੀਆਰਪੀਐਫ 6 ਜਵਾਨ ਤਾਇਨਾਤ: ਕੇਂਦਰ ਵੱਲੋਂ ਸੀਆਰਪੀਐਫ ਦੀ 235 ਬਟਾਲੀਅਨ ਦੇ 20 ਦੇ ਕਰੀਬ ਜਵਾਨ ਜਥੇਦਾਰ ਦੀ ਸੁਰੱਖਿਆ ਵਿੱਚ ਪੱਕੇ ਤੌਰ ਉੱਤੇ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਇਹ ਜਵਾਨ ਸਿਵਲ ਡਰੈੱਸ ਵਿੱਚ ਰਿਹਾ ਕਰਨਗੇ ਅਤੇ ਇਹ ਸੁਰੱਖਿਆ ਮੁਲਾਜ਼ਮ 6 ਜੂਨ ਤੋਂ ਬਾਅਦ ਵਾਪਸ ਪਰਤਣਗੇ ਅਤੇ ਉਸ ਤੋਂ ਬਾਅਦ ਮੁੜ ਸੁਰੱਖਿਆ ਵਿੱਚ ਪੱਕੇ ਤੌਰ ਉੱਤੇ 20 ਦੇ ਕਰੀਬ ਜਵਾਨ ਲਗਾਏ ਜਾਣਗੇ। ਇਸ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਜ਼ਬਰਦਸਤੀ ਸੁਰੱਖਿਆ ਦਿੱਤੀ ਗਈ ਹੈ।
ਜਥੇਦਾਰ ਨੇ ਸੁਰੱਖਿਆ ਤੋਂ ਕੀਤਾ ਸੀ ਇਨਕਾਰ: ਜਥੇਦਾਰ ਵੱਲੋਂ ਪਿਛਲੇ ਦਿਨੀਂ ਕੇਂਦਰ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਉਨ੍ਹਾਂ ਸਿੱਖੀ ਦੇ ਪ੍ਰਚਾਰ, ਪਸਾਰ ਲਈ ਵਿਦੇਸ਼ਾਂ ਦੇ ਸਮਾਗਮਾਂ ਵਿੱਚ ਵੀ ਜਾਣਾ ਪੈਂਦਾ ਹੈ ਇਸ ਲਈ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਰੱਖਣਾ ਮੁਸ਼ਕਿਲ ਹੈ ਅਤੇ ਉਹ ਆਪਣਾ ਪ੍ਰਸਤਾਵ ਵਾਪਸ ਲੈ ਲੈਣ।
ਪੰਜਾਬ ਸਰਕਾਰ ਨੇ ਸੁਰੱਖਿਆ ਲਈ ਸੀ ਵਾਪਸ: ਦੱਸ ਦਈਏ ਕਿ ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੀ.ਆਈ.ਪੀਜ਼ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਸੁਰੱਖਿਆ ਘਟਾ ਦਿੱਤੀ ਗਈ ਸੀ। ਸਰਕਾਰ ਦੇ ਇਸ ਐਕਸ਼ਨ ਤੋਂ ਬਾਅਦ ਜਥੇਦਾਰ ਦਾ ਬਿਆਨ ਵੀ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਉਹ ਰਹਿੰਦੇ ਮੁਲਾਜ਼ਮਾਂ ਨੂੰ ਵੀ ਵਾਪਸ ਭੇਜ ਰਹੇ ਹਨ ਅਤੇ ਸਰਕਾਰ ਦੀ ਸੁਰੱਖਿਆ ਦੀ ਉਨ੍ਹਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਜਿਸ ਤੋਂ ਬਾਅ ਐਸਜੀਪੀਸੀ ਵੱਲੋਂ ਹਥਿਆਰਬੰਦ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸੁਰੱਖਿਆ ਵਿੱਚ ਲਗਾ ਦਿੱਤਾ ਗਿਆ ਸੀ।
ਮਾਨ ਸਰਕਾਰ ਨੇ ਲਿਆ ਸੀ ਯੂ ਟਰਨ: ਸਰਕਾਰ ਦੇ ਇਸ ਫੈਸਲੇ ਦਾ ਲੋਕਾਂ ਵਿੱਚ ਕਾਫੀ ਰੋਸ ਵਧ ਗਿਆ ਸੀ ਜਿਸ ਤੋਂ ਬਾਅਦ ਵਧੇ ਦਬਾਅ ਦੇ ਚੱਲਦੇ ਸਰਕਾਰ ਨੇ ਯੂ ਟਰਨ ਲੈਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਦੀ ਰਿਹਾਈ ਬਹਾਲ ਕਰਨ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਫਿਰ ਜਥੇਦਾਰ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਸੁਰੱਖਿਆ ਲੈਣ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: 'ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਹੋਣੇ ਚਾਹੀਦੇ ਰਿਹਾਅ'