ਅੰਮ੍ਰਿਤਸਰ: ਦੇਰ ਰਾਤ ਥਾਣਾ ਛੇਹਰਟਾ ਅਧੀਨ ਪੈਂਦੇ ਰੇਲਵੇ ਲਾਈਨਾਂ 'ਤੇ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ।
ਫਾਇਰਿੰਗ ਦੀ ਸੁਚਨਾ ਮਿਲਦਿਆਂ ਹੀ ਥਾਣਾ ਛੇਹਰਟਾ ਮੁੱਖੀ ਰਾਜਵਿੰਦਰ ਕੌਰ ਤੇ ਜੀਆਰਪੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੀੜਤ ਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਅੰਕੁਸ਼ ਅਤੇ ਮਾਨਿਕ ਬਿਨਾ ਕਿਸੇ ਕਾਰਨ ਤੋਂ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਧਮਕਾ ਰਹੇ ਸੀ।
ਪੀੜਤ ਨੇ ਦੱਸਿਆ ਜਦੋਂ ਉਹ ਦੇਰ ਰਾਤ ਦੋਸ਼ੀਆਂ ਨਾਲ ਰੇਲਵੇ ਲਾਈਨਾਂ ਦੇ ਲਾਗੇ ਆਪਣੇ ਕੁੱਝ ਸਾਥੀਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਅਚਾਨਕ ਅੰਕੁਸ਼, ਮਾਨਿਕ, ਕਿਸ਼ੋਰ ਤੇ ਲਖਵਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਉਸ 'ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ।
ਬੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਤੇ ਇਲਾਕਾ ਨਿਵਾਸੀਆਂ ਨੇ ਤੁਰੰਤ ਜੀਆਰਪੀ ਅਤੇ ਇਲਾਕਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਜੀਆਰਪੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਇਸ ਮੌਕੇ ਏਸੀਪੀ ਦੇਵ ਦੱਤ ਸ਼ਰਮਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਗੋਲੀਆਂ ਚਲਣ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਜਲਦੀ ਅਮਲ ਵਿੱਚ ਲਿਆ ਕੇ ਮੁਲਜ਼ਮਾਂ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ।