ਅੰਮ੍ਰਿਤਸਰ: ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਰੋਜ ਇੰਕਲੇਵ ਦੇ ਇਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਤਿੰਨ ਦੇ ਕਾਰੀਬ ਲੋਕਾਂ ਦੀ ਅੱਗ ਲੱਗਣ ਦੇ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਪੁਲਿਸ ਅਧਿਕਾਰੀ ਅਤੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਇਹ ਜਾਣਕਾਰੀ ਸਾਹਮਣੇ ਆਈ ਕਿ ਪਰਿਵਾਰ ਦਾ ਕੱਪੜਿਆਂ ਦਾ ਕਾਰੋਬਾਰ ਹੈ।
ਪੰਜ ਹੋਰ ਮੈਂਬਰ ਝੁਲਸੇ: ਉਥੇ ਹੀ, ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਚੁਕੀ ਹੈ। ਪੰਜ ਦੇ ਕਰੀਬ ਲੋਕ ਅੱਗ ਲੱਗਣ ਦੇ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਰਿਸ਼ਤੇਦਾਰ ਸਿਮਰਨ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਘਰ ਵਿੱਚ ਅੱਗ ਲੱਗ ਗਈ ਹੈ। ਇਸ ਵਿੱਚ ਉਸ ਦੇ ਦਿਓਰ ਤਜਿੰਦਰ ਸਿੰਘ, ਪਤਨੀ ਮਨਦੀਪ ਕੌਰ ਤੇ ਛੋਟਾ ਬੇਟਾ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਬਾਕੀ ਹਸਪਤਾਲ ਵਿੱਚ ਦਾਖਲ ਹਨ।
ਦਮ ਘੁੱਟਣ ਨਾਲ ਮੌਤ: ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਪੂਰੇ ਘਰ ਵਿੱਚ ਧੂੰਆਂ ਫੈਲ ਗਿਆ ਸੀ। ਸੁੱਤੇ ਪਏ ਪਰਿਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਧੂੰਏਂ ਕਾਰਨ ਉਨ੍ਹਾਂ ਦਾ ਦਮ ਘੁੱਟਿਆ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 40 ਸਾਲਾਂ ਤਜਿੰਦਰ ਸਿੰਘ, 39 ਸਾਲਾਂ ਮਨਦੀਪ ਕੌਰ ਅਤੇ ਪੁੱਤਰ ਦਿਲਪ੍ਰੀਤ ਵਜੋਂ ਹੋਈ ਹੈ। ਜਦਕਿ ਦੂਜੇ ਕਮਰੇ ਵਿੱਚ ਸਹਿਜ, ਦਿਲਵੰਸ਼, ਕਿਰਨ ਅਤੇ ਸੁਖਮਨ ਸੌਂ ਰਹੇ ਸਨ। ਅੱਗ ਨਾਲ ਉਹ ਵੀ ਝੁਲਸ ਗਏ, ਪਰ ਉਨ੍ਹਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ। ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ: ਉੱਥੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਕਿ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਰੋਜ ਇੰਕਲੇਵ ਵਿਚ ਇੱਕ ਘਰ ਵਿੱਚ ਅੱਗ ਲੱਗ ਗਈ ਹੈ। ਕਿਹਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ। ਇਨ੍ਹਾਂ ਵਿਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬਾਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮਕਾਨ ਮਾਲਿਕ ਦਾ ਨਾਂ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਾਕੀ ਅਜੇ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।