ਅੰਮ੍ਰਿਤਸਰ: ਸ਼ਹਿਰ ਦੇ ਪੁਲਿਸ ਥਾਣਾ ਮੋਹਕਮਪੁਰਾ ਦੇ ਖੇਤਰ ਦਸ਼ਮੇਸ਼ ਨਗਰ ਜੋੜ੍ਹਾ ਫਾਟਕ ਵਿਖੇ ਸ਼ੁੱਕਰਵਾਰ ਨੂੰ ਦੁਕਾਨ ਦੇ ਬਾਹਰ ਸਾਈਕਲ ਖੜਾ ਕਰਨ ਨੂੰ ਲੈ ਕੇ ਦੋ ਧਿਰਾਂ ਵਿੱਚ ਤਕਰਾਰ ਹੋ ਗਈ। ਇਸ ਤਕਰਾਰ ਵਿੱਚ ਦੋਵੇਂ ਧਿਰਾਂ ਜ਼ਖ਼ਮੀ ਹੋ ਗਈਆਂ ਹਨ।
ਇੱਕ ਧਿਰ ਦੇ ਪੀੜਤ ਮੁਲਖਰਾਜ ਨੇ ਕਿਹਾ ਕਿ ਉਨ੍ਹਾਂ ਦਾ ਸਾਈਕਲ ਉਨ੍ਹਾਂ ਦੀ ਹੀ ਦੁਕਾਨ ਦੇ ਬਾਹਰ ਖੜਾ ਸੀ ਤੇ ਪਿਛੋਂ ਦੀ ਮੋਹਿਤ ਸਿੰਘ ਨੇ ਆ ਕੇ ਉਨ੍ਹਾਂ ਦੇ ਸਾਈਕਲ ਵਿੱਚ ਕਾਰ ਮਾਰ ਦਿੱਤੀ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੋਹਿਤ ਨੇ ਤੇ ਉਸ ਦੇ ਤਾਏ ਦੇ ਮੁੰਡੇ ਨੇ ਕਾਰ ਵਿਚੋਂ ਉੱਤਰ ਕੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਉਹ ਉਨ੍ਹਾਂ ਨੂੰ ਮਾਰੀ ਗਏ ਤੇ ਦੂਜੇ ਪਾਸੇ ਉਹ ਉਨ੍ਹਾਂ ਨੂੰ ਧਮਕੀ ਦੇਣ ਲੱਗ ਗਏ ਕਿ ਸਾਡੇ ਕੋਲ ਪਿਸਤੌਲ ਹੈ ਜਾਂ ਤਾਂ ਦੁਕਾਨ ਖਾਲੀ ਕਰਦੇ, ਨਹੀਂ ਤਾਂ ਤੈਨੂੰ ਗੋਲੀ ਮਾਰ ਦਵਾਂਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ।
ਉਧਰ ਦੂਜੇ ਪਾਸੇ ਦੂਜੀ ਧਿਰ ਦੇ ਪੀੜਤ ਮੋਹਿਤ ਨੇ ਮੁਖਲਰਾਜ ਦੇ ਇਲਜ਼ਾਮਾਂ ਨੂੰ ਨਾਕਾਰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਬਾਜ਼ਾਰ ਵਿੱਚੋਂ ਆਏ ਸੀ ਉਦੋਂ ਮੁਲਖਰਾਜ ਨੇ ਆਪਣਾ ਸਾਈਕਲ ਉਨ੍ਹਾਂ ਦੀ ਦੁਕਾਨ ਅੱਗੇ ਲਗਾਇਆ ਹੋਇਆ ਸੀ। ਉਨ੍ਹਾਂ ਨੇ ਮੁਲਖਰਾਜ ਨੂੰ ਆਪਣਾ ਸਾਈਕਲ ਹਟਾਉਣ ਲਈ ਕਿਹਾ ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਕਾਰ ਨੂੰ ਲੱਤ ਮਾਰੀ ਤੇ ਆਪਣਾ ਸਾਈਕਲ ਉਨ੍ਹਾਂ ਦੀ ਕਾਰ ਉੱਤੇ ਸੁੱਟ ਦਿੱਤਾ ਜਿਸ ਨਾਲ ਉਨ੍ਹਾਂ ਦੀ ਕਾਰ ਉੱਤੇ ਛਰੀਟਾਂ ਪੈ ਗਈਆਂ। ਇਸ ਮਗਰੋਂ ਮੁਲਖਰਾਜ ਨੇ ਆਪਣੀ ਦੁਕਾਨ ਵਿੱਚ ਜਾ ਕੇ ਆਪਣਾ ਸਾਰਾ ਸਮਾਨ ਖਲੇਰ ਦਿੱਤਾ।
ਉਨ੍ਹਾਂ ਕਿਹਾ ਕਿ ਮੁਲਖਰਾਜ ਪੂਰੇ ਇਲਾਕੇ ਵਿੱਚ ਹਰ ਕਿਸੇ ਨਾਲ ਲੜਦਾ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਉਹ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਨ। ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੀਆ ਸ਼ਿਕਾਇਤਾ ਆਈਆਂ ਹਨ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।