ਅੰਮ੍ਰਿਤਸਰ : ਕਸਬਾ ਮਜੀਠਾ ਦੇ ਦਾਦੂਪੁਰਾ ਰੋਡ ਨੇੜੇ ਵਾਰਡ ਨੰਬਰ 2 ਵਿਖੇ ਛੱਤ ਦੇ ਵਧਾਅ ਕਾਰਨ ਦੋ ਧਿਰਾਂ ਵਿਚ ਚੱਲ ਰਹੇ ਝਗੜੇ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਪੱਥਰਬਾਜ਼ੀ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਜਾਣਕਾਰੀ ਦਿੰਦੇ ਹੋਏ ਚਮਨ ਲਾਲ ਨੇ ਦੱਸਿਆ ਕਿ ਦਾਦੂਪੁਰਾ ਰੋਡ ਉੱਤੇ ਉਸ ਦਾ ਰਿਹਾਇਸ਼ੀ ਮਕਾਨ ਹੈ ਅਤੇ ਉਸ ਦੇ ਮਕਾਨ ਦੇ ਨਾਲ ਲਗਦੀ ਜਗ੍ਹਾ 'ਤੇ ਗੋਦਾਮ ਬਣਾ ਕੇ ਛੱਤ ਦਾ ਵਧਾਅ ਉਸ ਦੇ ਘਰ ਵੱਲ ਵਧਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ ਪਰ ਉਕਤ ਰਣਜੀਤ ਸਿੰਘ ਨੇ ਮਾਨਯੋਗ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਕੁਝ ਲੋਕਾਂ ਨੂੰ ਨਾਲ ਲੈ ਕੇ ਮੰਗਲਵਾਰ ਨੂੰ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਪੱਥਰਬਾਜ਼ੀ ਕਰ ਕੇ ਉਸ ਦੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਤੋੜ ਦਿੱਤੇ।
ਇਹ ਵੀ ਪੜ੍ਹੋ : ਸੂਬਾ ਪਾਣੀ 'ਚ ਡੁੱਬਿਆ, ਪ੍ਰਸ਼ਾਸਨ ਕਹਿੰਦਾ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਉਕਤ ਲੋਕਾਂ ਵੱਲੋਂ ਹਵਾਈ ਫ਼ਾਇਰ ਵੀ ਕੀਤੇ ਗਏ। ਇਤਲਾਹ ਮਿਲਦੇ ਹੀ ਮੌਕੇ 'ਤੇ ਹੀ ਪੁਲਿਸ ਵੀ ਪਹੁੰਚ ਗਈ ਅਤੇ ਉਕਤ ਲੋਕਾਂ ਵਿਚੋਂ ਕੁੱਝ ਲੋਕਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਤੇ ਕੁੱਝ ਲੋਕ ਫਰਾਰ ਹੋ ਗਏ। ਇਸ ਸਾਰੀ ਗੁੰਡਾਗਰਦੀ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।
ਪੀੜ੍ਹਤ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਇੱਕ ਦੋਸ਼ੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ।
ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਉਥੇ ਹੀ ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ਼ ਕਾਨੂੰਨ ਮੁਤਾਬਕ ਬਣਦੀ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿਚੋਂ ਕੁਝ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।