ਅੰਮ੍ਰਿਤਸਰ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਤ ਦੇ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ।ਉੱਧਰ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿੱਖਿਆ ਅਫ਼ਸਰਾਂ ਵੱਲੋਂ ਅਧਿਆਪਕਾਂ ਨਾਲ ਮੀਟਿੰਗ ਕਰਕੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਵਧਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ।ਬਲਾਕ ਜੰਡਿਆਲਾ ਗੁਰੂ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਲਾਕ ਅਫ਼ਸਰ ਗੁਰਮੀਤ ਕੌਰ ਮੀਰਾਂ ਕੋਟ ਦੀ ਅਗਵਾਈ ਹੇਠ “ਪੜ੍ਹੋ ਪੰਜਾਬ, ਪੜਾਓ ਪੰਜਾਬ” ਮੋਟਿਫ਼ ਨੂੰ ਲੈ ਕੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ ਹੈ।ਇਸ ਮੌਕੇ ਸਿੱਖਿਆ ਅਫ਼ਸਰ ਗੁਰਮੀਤ ਕੌਰ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾਉਣ।ਉਨ੍ਹਾਂ ਨੇ ਦੱਸਿਆ ਹੈ ਕਿ ਅਧਿਆਪਕਾਂ ਦੀ ਕਮੇਟੀ ਗਠਿਤ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੀ ਵੀ ਨੁਹਾਰ ਬਦਲ ਗਈ ਹੈ ਕਿਉਂਕਿ ਆਧੁਨਿਕ ਤਕਨੀਕਾਂ ਜਿਵੇਂ ਪ੍ਰੋਜੈਕਟਰ, ਐਲ.ਈ.ਡੀ ਦੁਆਰਾ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਤੋਂ ਖੇਡਣ ਲਈ ਮੈਦਾਨ, ਕੰਪਿਊਟਰ ਕਲਾਸਾਂ, ਮੁਫ਼ਤ ਵਰਦੀ, ਮੁਫ਼ਤ ਦੁਪਹਿਰ ਦਾ ਖਾਣਾ, ਵਜ਼ੀਫ਼ੇ ਦੀ ਸਹੂਲਤ, ਪ੍ਰੀ-ਪ੍ਰਾਇਮਰੀ ਜਮਾਤਾਂ ਸਮੇਤ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਸਿੱਖਿਆ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ।
ਸਿੱਖਿਆ ਅਫ਼ਸਰ ਗੁਰਮੀਤ ਕੌਰ ਨੇ ਦੱਸਿਆ ਹੈ ਕਿ ਲਾਕਡਾਊਨ ਦੌਰਾਨ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਵਿਚੋਂ ਸਰਕਾਰੀ ਸਕੂਲਾਂ ਵਿਚ ਆਏ ਹਨ।ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਤਜਰਬੇਕਾਰ ਅਤੇ ਪੜ੍ਹਿਆ ਲਿਖਿਆ ਸਟਾਫ਼ ਹੈ ਜੋ ਅਣਥੱਕ ਮਿਹਨਤ ਕਰਕੇ ਚੰਗੇ ਨਤੀਜੇ ਦਿੰਦੇ ਹਨ।