ਅੰਮ੍ਰਿਤਸਰ: ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਪਾਕਿਸਤਾਨ ਤੋਂ ਰਵਾਨਾ ਹੋ ਗਿਆ ਹੈ। ਨਗਰ ਕੀਰਤਨ ਦੌਰਾਨ ਮੌਸਮ ਖ਼ਰਾਬ ਹੋ ਗਿਆ ਜਿਸ ਕਰਕੇ ਅਟਾਰੀ ਸਰਹੱਦ 'ਤੇ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਸੰਗਤਾਂ ਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਦੱਸ ਦਈਏ, ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਭਾਰਤ ਪਹੁੰਚਣ ਵਾਲੇ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਸਰਹੱਦ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਕੌਮਾਂਤਰੀ ਨਗਰ ਕੀਰਤਨ ਲਈ ਸੁੰਦਰ ਪਾਲਕੀ ਸਾਹਿਬ ਵੀ ਅਟਾਰੀ ਸਰਹੱਦ ਤੇ ਨਗਾਰੇ ਸਮੇਤ ਪਹੁੰਚ ਚੁੱਕੀ ਹੈ।
ਇਸ ਦੇ ਨਾਲ ਹੀ ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਸਰਹੱਦ ‘ਤੇ ਰੈੱਡ ਕਾਰਪੈਟ ਵਿਛਾਇਆ ਗਿਆ ਹੈ, ਜਿੱਥੇ ਭਾਰਤ ਵੱਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਵੇਗਾ। ਇਹ ਕੌਮਾਂਤਰੀ ਨਗਰ ਕੀਰਤਨ 1 ਅਗਸਤ ਤੋਂ ਸ਼ੁਰੂ ਹੋ ਕੇ 3 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।