ਅੰਮ੍ਰਿਤਸਰ: ਜੂਨ ਮਹੀਨੇ ਪੰਜਾਬ ਵਿੱਚ ਬੱਚਿਆਂ ਨੂੰ ਜਦ ਛੁੱਟੀਆਂ ਹੁੰਦੀਆਂ ਹਨ ਤਾਂ ਲੋਕਾਂ ਦਾ ਵੱਖ-ਵੱਖ ਥਾਵਾਂ ਉੱਤੇ ਘੁੰਮਣ ਨੂੰ ਦਿਲ ਕਰਦਾ ਹੈ। ਉਥੇ ਹੀ ਗਰਮੀ ਦੀਆਂ ਛੁੱਟੀਆਂ ਵਿਚ ਅੰਮ੍ਰਿਤਸਰ ਦੇ ਕਾਰੋਬਾਰੀਆਂ ਵਿੱਚ ਵੀ ਉਤਸ਼ਾਹ ਹੁੰਦਾ ਹੈ ਕਿ ਇਤਿਹਾਸਿਕ ਨਗਰੀ ਵਿੱਚ ਵੀ ਲੋਕਾਂ ਦਾ ਆਉਣਾ-ਜਾਣਾ ਵਧੇਗਾ ਤੇ ਸਥਾਨਕ ਕਾਰੋਬਾਰੀਆਂ ਨੂੰ ਲਾਹਾ ਮਿਲੇਗਾ, ਪਰ ਇਸ ਵਾਰ ਹੋਟਲ ਕਾਰੋਬਾਰੀਆਂ ਅਤੇ ਟੈਕਸੀ ਆਟੋ ਚਾਲਕਾਂ ਤੇ ਦੁਕਾਨਦਾਰਾਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਟੁਰਿਸਟ ਦੀ ਆਮਦ ਕਾਫੀ ਘਟ ਵੇਖਣ ਨੂੰ ਮਿਲੀ ਹੈ, ਜਿਸ ਕਾਰਨ ਥੋੜੀ ਮਾਯੂਸੀ ਵੀ ਦੇਖਣ ਨੂੰ ਮਿਲੀ ਹੈ।
ਕਾਰੋਬਾਰੀਆਂ 'ਤੇ ਬੰਬ ਧਮਾਕਿਆਂ ਦਾ ਅਸਰ: ਦਰਅਸਲ ਪਿਛਲੇ ਦਿਨੀਂ ਹੋਏ ਗੁਰੂ ਨਗਰੀ ਵਿੱਚ ਬੰਬ ਧਮਾਕਿਆ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਸੈਲਾਨੀਆਂ ਦੀ ਆਮਦ 'ਤੇ ਮਾੜਾ ਪ੍ਰਭਾਵ ਛੱਡਿਆ ਹੈ। ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਦਾਅਵਿਆਂ ਦੇ ਉਲਟ ਕਿ ਸ਼ਰਧਾਲੂਆਂ ਦੀ ਆਮਦ ਵਿੱਚ ਕਮੀ ਆਈ ਹੈ, ਹੋਟਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ ਦੇ ਨੇੜੇ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਸੈਲਾਨੀਆਂ ਨੂੰ ਕਾਫੀ ਨਿਰਾਸ਼ ਕੀਤਾ ਹੈ।
60 ਫੀਸਦ ਤੋਂ ਵੱਧ ਦੀ ਆਈ ਕਮੀ: ਉਥੇ ਹੀ ਇਸ ਬਾਰੇ ਜਦੋਂ ਮਾਰਕੀਟ ਦੇ ਕਾਰੋਬਾਰੀ ਹੋਟਲ ਤੇ ਗੈਸਟ ਹਾਊਸ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਨਾਲੋਂ ਜ਼ਿਆਦਾ ਇਹਨਾਂ ਮਹੀਨਿਆਂ ਵਿੱਚ ਕਿਰਾਏ ਵਿੱਚ 60 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਈ ਹੈ। ਜਲ੍ਹਿਆਂਵਾਲਾ ਬਾਗ਼ ਅਤੇ ਅਟਾਰੀ-ਵਾਹਗਾ ਸਰਹੱਦ 'ਤੇ ਰਿਟਰੀਟ ਪਰੇਡ ਦੇਖਣ ਅਤੇ ਸ੍ਰੀ ਦਰਬਾਰ ਸਾਹਿਬ ਸੈਲਾਨੀਆਂ ਲਈ ਅਹਿਮ ਹੈ। ਜਿਥੇ ਲੋਕਾਂ ਦੀ ਆਵਾਜਾਈ ਵਾਧੂ ਹੁੰਦੀ ਸੀ ਪਰ ਹੁਣ ਇਸ ਵਿਚ ਕਟੌਤੀ ਹੈ। ਸੁਰਿੰਦਰ ਸਿੰਘ ਨੇ ਕਿਹਾ ਕਿ ''ਮੇਰਾ ਗੈਸਟ ਹਾਊਸ ਦਰਬਾਰ ਸਾਹਿਬ ਦੇ ਨੇੜੇ ਸਥਿਤ ਹੋਣ ਕਰਕੇ ਮੈਂ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਜਾਣਦਾ ਹਾਂ। ਹੌਪ-ਆਨ, ਹੌਪ-ਆਫ ਟੂਰਿਸਟ ਬੱਸਾਂ ਵਿੱਚ ਮੁਸ਼ਕਿਲ ਨਾਲ ਕੋਈ ਸਵਾਰ ਹੁੰਦਾ ਹੈ। ਈ ਰਿਕਸ਼ਾ ਵਾਲਿਆਂ ਦਾ ਵੀ ਕਾਰੋਬਾਰ ਠੱਪ ਹੋਇਆ ਹੈ। ਇਸ ਦੀ ਵਜ੍ਹਾ ਬੰਬ ਧਮਾਕੇ ਹੀ ਹਨ। ਸਖ਼ਤ ਚੈਕਿੰਗ ਨੇ ਖਾਸ ਤੌਰ 'ਤੇ ਸੈਲਾਨੀਆਂ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਵਾਲੇ ਈ ਰਿਕਸ਼ਾ ਨਹੀਂ ਚੱਲਣ ਦਿੰਦੇ।
ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ: ਇਹ ਸਪੱਸ਼ਟ ਹੈ ਕਿ ਸੈਲਾਨੀਆਂ, ਖਾਸ ਤੌਰ 'ਤੇ ਬੁੱਢੇ, ਬਿਮਾਰ ਅਤੇ ਆਪਣੇ ਸਮਾਨ ਦਾ ਭਾਰ ਚੁੱਕਣ ਵਾਲੇ ਬੱਚਿਆਂ ਨੂੰ ਸ਼ਹਿਰ ਦੇ ਅੰਦਰਲੇ ਹਿੱਸੇ ਵਿੱਚ ਸਥਿਤ ਗੈਸਟ ਹਾਊਸਾਂ ਤੱਕ ਪਹੁੰਚਣ ਲਈ ਰਿਕਸ਼ਾ ਦੀ ਲੋੜ ਹੁੰਦੀ ਹੈ। ਪੁਲਿਸ ਵੱਲੋਂ ਟ੍ਰੈਫਿਕ ਸਮੱਸਿਆ ਦੇ ਕਾਰਨਾਂ ਕਰਕੇ ਈ ਰਿਕਸ਼ਾ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਉਨ੍ਹਾ ਕਿਹਾ ਸ਼੍ਰੌਮਣੀ ਕਮੇਟੀ ਪ੍ਰਧਾਨ ਵਲੋਂ ਕਿਹਾ ਜਾ ਰਿਹਾ ਹੈ ਕਿ ਧਮਾਕਿਆ ਤੋਂ ਬਾਅਦ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਪਰ ਹੋਟਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਸੀ ਬੇਰੁਜ਼ਗਾਰ ਹੋ ਕੇ ਬੈਠੇ ਹੋਏ ਹਾਂ, ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ।