ਅੰਮ੍ਰਿਤਸਰ: ਕੋਹੜ ਇੱਕ ਅਜਿਹਾ ਰੋਗ ਹੈ ਜੋ ਇੱਕ ਤੋਂ ਦੂਜੇ ਤੱਕ ਫੈਲਦਾ ਹੈ ਜੋ ਕਿ ਇਲਾਜ ਨਾਲ ਠੀਕ ਹੋਣ ਯੋਗ ਹੈ ਪਰ ਤਰਨਤਾਰਨ ਦੇ ਕੋਹੜ ਪੀੜਤ ਜਗਜੀਤ ਸਿੰਘ ਨਾਲ ਅਜਿਹਾ ਨਹੀਂ ਹੋਇਆ। ਦਰਅਸਲ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਗੁਰੂ ਰਾਮਦਾਸ ਜੀ ਨੇ ਉਸ ਦਾ ਰੋਗ ਕੱਟ ਦਿੱਤਾ।
ਇਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਜਗਜੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਗਜੀਤ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਉਸ ਨੂੰ ਕੋਹੜ ਹੋ ਗਿਆ ਸੀ ਅਤੇ ਪੂਰੇ ਸਰੀਰ ਵਿੱਚ ਕੀੜੇ ਚੱਲ ਗਏ ਸਨ ਅਤੇ ਉਸ ਨੂੰ ਪਰਿਵਾਰ ਵੱਲੋਂ ਅੰਮ੍ਰਿਤਸਰ ਉਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਚੈੱਕਅਪ ਕਰਕੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।
ਫਿਰ ਉਸ ਨੂੰ ਭਾਰਤ ਦੇ ਬਹੁਤ ਮਸ਼ਹੂਰ ਹਸਪਤਾਲ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਅਤੇ ਉੱਥੇ ਜਾਂਚ ਤੋਂ ਬਾਅਦ ਦੱਸਿਆ ਗਿਆ ਕਿ ਉਸ ਨੂੰ ਕੋਹੜ ਹੋ ਗਿਆ ਹੈ, ਇਸ ਲਈ ਇਸ ਦਾ ਕੋਈ ਪੱਕਾ ਇਲਾਜ ਨਹੀਂ ਅਤੇ ਚੈੱਕਕੱਪ ਕਰਨ ਵਾਲੇ ਡਾਕਟਰ (ਐਮਡੀ) ਨੇ ਕਿਹਾ ਕਿ ਉਹ ਉਸ ਦੇ ਇਲਾਜ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ।
ਡਾਕਟਰ ਕਮਰੇ ਤੋਂ ਬਾਹਰ ਚਲਾ ਗਿਆ ਤੇ ਉਸ ਤੋਂ ਬਾਅਦ ਉਸ ਨੇ ਬਾਬਾ ਘੋਲਾ ਸਿੰਘ ਸਰਹਾਲੀ ਕਲਾਂ ਵਾਲਿਆਂ ਨਾਲ ਫੋਨ 'ਤੇ ਗੱਲਬਾਤ ਕੀਤੀ, ਤਾਂ ਬਾਬਾ ਜੀ ਨੇ ਕਿਹਾ ਕਿ ਉਸ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੈ, ਪਰ ਗੁਰੂ ਰਾਮਦਾਸ ਜੀ ਨੇ ਨਹੀਂ। ਇਸ ਲਈ ਉਹ ਗੁਰੂ ਰਾਮਦਾਸ ਜੀ ਦੇ ਦਰ 'ਤੇ ਉਸ ਦੀ ਤੰਦਰੁਸਤੀ ਲਈ ਅਰਦਾਸ ਕਰਨਗੇ। ਗੁਰੂ ਦੇ ਦਰ ਤੋਂ ਤਾਂ ਵੱਡੇ-ਵੱਡੇ ਰੋਗ ਕੱਟੇ ਜਾਂਦੇ ਹਨ, ਇਸ ਕਰਕੇ ਉਹ ਵੀ ਠੀਕ ਹੋ ਜਾਵੇਗਾ।
ਜਗਜੀਤ ਸਿੰਘ ਨੇ ਦੱਸਿਆ ਕਿ ਡਾਕਟਰਾਂ ਨੇ ਸਰੀਰ ਦੀ "ਡਰੈਸਿੰਗ" ਕਰਨ ਲਈ ਦਾੜੇ ਦੇ ਕੇਸ ਕੱਟਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਤੇ ਬਾਕੀ ਉਸ ਦੀ ਭੈਣ ਅਤੇ ਦੋਸਤ ਨੇ ਉਸ ਨੂੰ ਗੁਰੂ ਦੇ ਬੱਚੇ ਯਾਦ ਕਰਵਾਏ ਕਿ ਜਦੋਂ ਛੋਟੇ ਸਾਹਿਬਜ਼ਾਦੇ ਆਪਣੇ ਧਰਮ ਲਈ ਨੀਹਾਂ ਵਿੱਚ ਖੜ੍ਹ ਸਕਦੇ ਹਨ ਤੇ ਫਿਰ ਤੂੰ ਕਿਉਂ ਡੋਲ ਰਿਹਾ ਹੈ?
ਉਨ੍ਹਾਂ ਦੱਸਿਆ ਕਿ ਗੁਰੂ ਦੀ ਐਸੀ ਰਹਿਮਤ ਹੋਈ ਕਿ ਦਾਹੜੇ ਵਾਲੇ ਜ਼ਖ਼ਮ ਪਹਿਲਾਂ ਠੀਕ ਹੋ ਗਏ। ਉਸ ਨੇ ਦੱਸਿਆ ਕਿ ਜਦੋਂ ਉਸਦੇ ਸਰੀਰ ਵਿੱਚ ਕੀੜੇ ਪੈ ਗਏ ਸਨ ਤਾਂ ਉਸ ਨੂੰ ਇੱਕ ਨਰਕ ਦਿਸ ਰਿਹਾ ਸੀ ਤੇ ਉਹ ਸਿਰਫ ਗੁਰੂ ਦੇ ਭਰੋਸੇ ਹੀ ਬਚ ਗਿਆ। ਜਗਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਗੁਰੂ ਪ੍ਰਤੀ ਸ਼ਰਧਾ ਤੇ ਭਾਵਨਾ ਰੱਖਣੀ ਚਾਹੀਦੀ ਹੈ
ਉਨ੍ਹਾਂ ਕਿਹਾ ਕਿ ਭਾਵੇਂ ਕਿ ਉਸ ਦੇ ਆਂਢ ਗੁਆਂਢ ਅਤੇ ਡਾਕਟਰ ਕਹਿ ਰਹੇ ਸਨ ਕਿ ਇਸ ਦਾ ਕੋਈ ਇਲਾਜ ਨਹੀਂ ਪਰ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਉਸ ਨੂੰ ਬਿਲਕੁਲ ਤੰਦਰੁਸਤ ਕਰ ਦਿੱਤਾ ਹੈ ਤੇ ਹੁਣ ਇੱਕ ਸੰਸਥਾ ਬਣਾ ਕੇ ਲੋੜਵੰਦ ਲੋਕਾਂ ਦੀ ਮਦਦ ਕਰ ਰਿਹਾ ਹੈ।