ਅੰਮ੍ਰਿਤਸਰ: ਦੇਸ਼ ਭਰ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਲੋਕਾਂ ਨੂੰ ਨਿਰਦੇਸ਼ਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਮੁੜ ਤੋਂ ਸੁਰਖੀਆਂ ਚ ਆ ਗਿਆ ਹੈ। ਦੱਸ ਦਈਏ ਕਿ ਕੋਰੋਨਾ ਕਾਲ ਤੋਂ ਬੰਦ ਚੱਲ ਰਹੇ ਡੇਰੇ ਦੀ ਟਰੱਸਟ ਵੱਲੋਂ ਜਿੱਥੇ ਮਾਰਚ ਮਹੀਨੇ ਚ ਡੇਰਾ ਖੋਲ੍ਹ ਦਿੱਤੇ ਜਾਣ ਦੀ ਗੱਲ ਆਖੀ ਗਈ ਸੀ ਉੱਥੇ ਹੀ ਦੂਜੇ ਪਾਸੇ ਮੁੜ ਤੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਡੇਰਾ ਬਿਆਸ ਵੱਲੋਂ ਹੋਰ ਸਮਾਂ ਡੇਰਾ ਬੰਦ ਰੱਖਣ ਦੀ ਗੱਲ ਆਖੀ ਗਈ ਹੈ।
ਡੇਰਾ ਬਿਆਸ ਦੀ ਵੈੱਬਸਾਈਟ ਰਾਹੀਂ ਟਰੱਸਟ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਕਰ ਕੇ ਪੈਦਾ ਹੋਏ ਸਿਹਤ ਸਬੰਧੀ ਸੰਕਟ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ 31 ਮਈ 2021 ਤੱਕ ਡੇਰਾ ਬਿਆਸ ਅਤੇ ਭਾਰਤ ਦੇ ਦੂਸਰੇ ਸਾਰੇ ਕੇਂਦਰਾਂ ਵਿੱਚ ਸਤਸੰਗ ਪ੍ਰੋਗਰਾਮ ਰੱਦ ਰਹਿਣਗੇ। ਡੇਰਾ ਬਿਆਸ ਸੰਗਤ ਅਤੇ ਸੈਲਾਨੀਆਂ ਲਈ ਵੀ 31 ਮਈ 2021 ਤੱਕ ਬੰਦ ਰਹੇਗਾ ਅਤੇ ਸੰਗਤ ਦੇ ਰਹਿਣ ਲਈ ਕੋਈ ਥਾਂ ਉਪਲੱਬਧ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਨਾਲ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਧਿਆਤਮਿਕ ਤੌਰ 'ਤੇ ਜੁੜੇ ਹੋਏ ਹਨ। ਬੀਤੇ ਸਾਲ ਦੀ ਸ਼ੁਰੂਆਤ ਵਿੱਚ ਹੀ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਡੇਰਾ ਬਿਆਸ ਵਲੋਂ ਸਾਰੇ ਭੰਡਾਰਾ ਅਤੇ ਸਤਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸੀ।
ਇਹ ਵੀ ਪੜੋ: ਮਜ਼ਦੂਰਾ ਦਾ ਹੋ ਰਿਹਾ ਸ਼ੋਸ਼ਣ- ਭਗਵੰਤ ਮਾਨ
ਜਿਸ ਤੋਂ ਬਾਅਦ ਹਾਲਾਤਾਂ ਨੂੰ ਦੇਖਦੇ ਹੋਏ ਸਮੇਂ-ਸਮੇਂ 'ਤੇ ਡੇਰੇ ਨੂੰ ਬੰਦ ਰੱਖਣ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਲੌਕਡਾਊਨ ਦੌਰਾਨ ਜਿੱਥੇ ਡੇਰਾ ਬਿਆਸ ਵੱਲੋਂ ਰੋਜ਼ਾਨਾ ਹਜ਼ਾਰ ਦੇ ਕਰੀਬ ਤਾਜ਼ਾ ਖਾਣਾ ਤਿਆਰ ਕਰਕੇ ਸੇਵਾਦਾਰਾਂ ਰਾਹੀਂ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾ ਰਿਹਾ ਸੀ।