ਅੰਮ੍ਰਿਤਸਰ: ਸੂਬੇ ਵਿਚ ਪੈ ਰਹੀ ਹੱਡ ਚੀਰਵੀਂ ਠੰਡ, ਸੰਘਣੀ ਧੁੰਦ ਤੇ ਸੀਤ ਲਹਿਰ ਵਿਚਾਲੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਢ ਕਾਰਨ ਮੌਤ ਹੋ ਗਈ ਦੱਸੀ ਜਾ ਰਹੀ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਜੋਧਾ ਸਿੰਘ ਵਜੋਂ ਹੋਈ ਹੈ।
ਠੰਢ ਕਾਰਨ ਬੱਚੇ ਨੂੰ ਹੋਇਆ ਸੀ ਦਿਮਾਗੀ ਬੁਖ਼ਾਰ: ਇਸ ਸਬੰਧੀ ਮਿਲੀ ਮੁੱਢਲੀ ਜਾਣਕਾਰੀ ਮੁਤਾਬਿਕ ਸਰਕਾਰੀ ਐਲੀਮੈਂਟਰੀ ਸਕੂਲ ਵਰਿਆਂਹ ਦੇ ਇਕ ਵਿਦਿਆਰਥੀ ਪ੍ਰਦੀਪ ਸਿੰਘ ਦੀ ਠੰਢ ਕਾਰਨ ਮੌਤ ਹੋ ਗਈ ਹੈ। ਉਹ ਠੰਢ ਕਾਰਨ ਹੋਏ ਦਿਮਾਗੀ ਬੁਖ਼ਾਰ ਤੋਂ ਪੀੜਤ ਸੀ। ਸਕੂਲ ਦੀ ਮੁੱਖ ਅਧਿਆਪਕਾ ਆਦਰਸ਼ ਕੌਰ ਸੰਧੂ ਨੇ ਦੱਸਿਆ ਕਿ ਠੰਢ ਨਾਲ ਬੱਚੇ ਨੂੰ ਦਿਮਾਗੀ ਬੁਖ਼ਾਰ ਹੋ ਗਿਆ ਸੀ। ਉਸ ਦੇ ਇਲਾਜ ਲਈ ਮਾਪਿਆਂ ਵੱਲੋਂ ਕਾਫੀ ਚਾਰਾਜੋਈ ਕੀਤੀ ਗਈ ਪਰ ਫਿਰ ਵੀ ਡਾਕਟਰ ਉਸ ਨੂੰ ਬਚਾਅ ਨਹੀਂ ਸਕੇ। ਜਿਸ ਦੀ ਮੌਤ ਨਾਲ ਸਕੂਲ ਸਟਾਫ ਤੇ ਵਿਦਿਆਰਥੀਆ ਵਿੱਚ ਕਾਫੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸੂਬੇ ਦੇ ਸਕੂਲਾਂ 'ਚ ਨਹੀਂ ਹੋਣਗੀਆਂ ਹੋਰ ਛੁੱਟੀਆਂ: ਕਾਬਿਲੇਗੌਰ ਹੈ ਕਿ ਇੱਕ ਪਾਸੇ ਸੂਬੇ 'ਚ ਠੰਢ ਦਾ ਕਹਿਰ ਜਾਰੀ ਹੈ ਤਾਂ ਦੂਜੇ ਪਾਸੇ ਬੀਤੇ ਦਿਨੀਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੌਮੀ ਖੇਡਾਂ ਦਾ ਆਗਾਜ਼ ਕਰਨ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਸਕੂਲਾਂ ਦੀਆਂ ਹੋਰ ਛੱਟੀਆਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ 'ਚ ਸਿੱਖਿਆ ਮੰਤਰੀ ਬੈਂਸ ਦਾ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਆਉਣ ਕਰਕੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਫਰਵਰੀ ਮਹੀਨੇ ਵਿੱਚ ਹੀ ਸ਼ੁਰੂ ਹੋ ਜਾਣਗੀਆਂ। ਪਹਿਲਾਂ ਹੀ ਠੰਢ ਕਰਕੇ ਅਤੇ ਪੰਜਾਬ 'ਚ ਆਏ ਹੜ੍ਹਾਂ ਕਾਰਨ ਸਕੂਲਾਂ 'ਚ ਵਾਧੂ ਛੁੱਟੀਆਂ ਹੋ ਚੁੱਕੀਆਂ ਹਨ। ਜਿਸ ਕਾਰਨ ਸਕੂਲਾਂ ਦੇ ਅਕਾਦਮਿਕ ਕਲੰਡਰ ਅਨੁਸਾਰ ਦਿਨ ਘੱਟ ਜਾਣਗੇ, ਜਿਸ ਦੇ ਚੱਲਦੇ ਹੋਰ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਇਸ ਨਾਲ ਬੱਚਿਆਂ ਦੀ ਪੜ੍ਹਾਈ ਉਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਚੋਣਾਂ ਕਰਕੇ ਇਸ ਵਾਰ ਫਰਵਰੀ ਵਿੱਚ ਹੀ ਪ੍ਰੀਖਿਆਵਾਂ ਲੈ ਲਈਆਂ ਜਾਣਗੀਆਂ।
ਆਂਗਣਵਾੜੀ ਸੈਂਟਰਾਂ ਵਿੱਚ 14 ਜਨਵਰੀ ਤੱਕ ਛੁੱਟੀਆਂ: ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3-6 ਸਾਲ ਦੇ ਬੱਚਿਆਂ ਨੂੰ 14 ਜਨਵਰੀ, 2024 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆਂ ਦਾ ਆਂਗਣਵਾੜੀ ਸੈਟਰਾਂ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਹਨ। ਇਸ ਦੌਰਾਨ ਆਂਗਣਵਾੜੀ ਵਰਕਰਾਂ ਵੱਲੋਂ 3-6 ਸਾਲ ਦੇ ਬੱਚਿਆ ਨੂੰ ਛੁੱਟੀਆਂ ਦੌਰਾਂਨ ਟੇਕਹੋਮ ਰਾਸ਼ਨ ਦਿੱਤਾ ਜਾਵੇ।