ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਅਤੇ ਨਸ਼ਿਆਂ ਦੇ ਰਾਹ 'ਤੇ ਜਾਣ ਤੋਂ ਰੋਕਣ ਲਈ ਸ੍ਰੀ ਗੁਰੂ ਰਾਮਦਾਸ ਵੈਲਫ਼ੇਅਰ ਸੋਸਾਇਟੀ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 9 ਸਾਲ ਦੇ ਬੱਚਿਆਂ ਤੋਂ 24 ਸਾਲ ਦੇ ਨੌਜਵਾਨਾਂ ਨੇ ਭਾਗ ਲਿਆ।
ਸੋਸਾਇਟੀ ਦੇ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਹੈ, ਜੋ ਸਿੱਖ ਕੌਮ ਦੇ ਲੰਮੇ ਇਤਿਹਾਸ ਤੋਂ ਜਾਣੂ ਨਹੀਂ ਹਨ ਅਤੇ ਸਿੱਖੀ ਤੋਂ ਦੂਰ ਨਸ਼ਿਆਂ ਦੇ ਰਾਹ 'ਤੇ ਤੁਰ ਪਏ ਹਨ। ਇਸ ਮੁਕਾਬਲੇ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ ਤੇ ਸਿੱਖ ਧਰਮ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਿੱਖ ਧਰਮ ਵਿੱਚ ਨਸ਼ਿਆਂ ਦੀ ਕੋਈ ਥਾਂ ਨਹੀਂ ਸਗੋਂ ਇਹ ਸਮਾਜ 'ਤੇ ਲੱਗਾ ਇੱਕ ਧੱਬਾ ਹੈ। ਸੋਸਾਇਟੀ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲੇ 'ਚ ਜਿੱਤਣ ਵਾਲੇ ਨੂੰ ਇਨਾਮ ਦੇ ਕੇ ਸਨਮਾਨਿਆ ਜਾਵੇਗਾ।
ਮੁਕਾਬਲੇ ਦੌਰਾਨ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ 'ਤੋਂ ਦੂਰ ਰੱਖਣ ਲਈ ਸਿੱਖ ਧਰਮ ਸਬੰਧੀ ਜਾਣਕਾਰੀ ਦਿੱਤੀ ਗਈ, ਉੱਥੇ ਹੀ ਨੌਜਵਾਨਾਂ ਅਤੇ ਬੱਚਿਆਂ ਦੇ ਸਿਰਾਂ 'ਤੇ ਸਜੀਆਂ ਰੰਗ ਬਿਰੰਗੀਆਂ ਦਸਤਾਰਾਂ ਨੇ ਸਭ ਦੇ ਦਿਲਾਂ ਨੂੰ ਆਪਣੇ ਵੱਲ ਖਿੱਚਿਆ ।
ਇਹ ਵੀ ਪੜ੍ਹੋ- ਕਰਨਾਟਕ ਤੋਂ ਬਾਅਦ ਗੋਆ 'ਚ ਕਾਂਗਰਸ ਨੂੰ ਝਟਕਾ, 10 ਵਿਧਾਇਕ ਬੀਜੇਪੀ 'ਚ ਸ਼ਾਮਲ