ਪੰਜਾਬੀ ਵਿਆਖਿਆ: ਸਲੋਕ ਮਃ ੩ ॥ ਇਸ ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਹੈ, ਜੋ ਚਿੱਟਾ/ਸਾਫ਼ ਨਹੀਂ ਹੋ ਸਕਦਾ, ਭਾਵੇਂ ਸੌ ਵਾਰ ਧੋਣ ਦੀ ਕੋਸ਼ਿਸ਼ ਕਰਨ ਉੱਤੇ ਵੀ, ਜਿਵੇਂ ਭੋਲੀ ਦੀ ਲੀਰ ਧੋਣ ਦੇ ਬਾਵਜੂਦ ਚਿੱਟੀ ਨਹੀਂ ਹੁੰਦੀ। ਉੰਝ ਹੀ, ਮਨ ਵੀ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਸਾਫ਼ ਨਹੀਂ ਹੋ ਸਕਦਾ।
ਹੇ ਨਾਨਕ, ਜੇ ਗੁਰੂ ਦੀ ਕ੍ਰਿਪਾ ਨਾਲ ਮਨ ਜਿਊਂਦਾ ਹੀ ਮਰ ਜਾਵੇ ਅਤੇ ਮਾਇਆ ਕਰਕੇ ਮਤ/ਅਕਲ ਉਲਟ ਹੋ ਜਾਵੇ, ਤਾਂ ਮੈਲ ਵੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿੱਚ ਵੀ ਨਹੀਂ ਪੈਂਦਾ।੧। ਚਾਰੋਂ ਜੁਗਾਂ ਵਿੱਚ ਕਲਯੁਗ ਹੀ ਕਾਲਾ ਅਖਵਾਉਂਦਾ ਹੈ, ਪਰ ਇਸ ਜੁਗ ਵਿੱਚ ਵੀ ਇਕ ਉੱਤਮ ਪਦਵੀਂ ਮਿਲ ਸਕਦੀ ਹੈ। ਉਹ ਪਦਵੀਂ, ਅਹੁਦਾ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰਿ ਭਗਤੀ ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ ਲਿਖ ਦਿੰਦਾ ਹੈ। ਉਹ ਗੁਰਮੁਖ ਹਰਿ ਦੀ ਸਿਫ਼ਤਿ ਰੂਪੀ ਫਲ ਇਸੇ ਜੁੱਗ ਵਿੱਚ ਪ੍ਰਾਪਤ ਕਰਦੇ ਹਨ।
ਹੇ ਨਾਨਕ, ਉਹ ਮਨੁੱਖ ਗੁਰੂ ਦੀ ਕ੍ਰਿਪਾ ਨਾਲ ਹਰ ਰੋਜ ਹਰਿ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਤੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ।੨। ਹੇ ਹਰਿ, ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ, ਤਾਂ ਜੋ ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲ ਸਕਾਂ। ਹਰਿ ਦੇ ਗੁਣ ਗਾਵਾਂ ਅਤੇ ਨਿਤ ਹਰਿ ਨਾਮ ਉਚਾਰਾਂ ਤੋਂ ਗੁਰੂ ਦੀ ਮੱਤ ਲੈ ਕੇ ਸਦਾ ਹਰਿ ਰੰਗ ਨੂੰ ਮਾਣ ਸਕਾਂ। ਹਰਿ ਦਾ ਭਜਨ ਕਰ ਕੇ ਤੇ ਭਜਨ ਰੂਪ ਦਵਾਈ ਖਾਧੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ। ਉਨ੍ਹਾਂ ਹਰਿ ਜਨਾਂ ਨੂੰ ਸੱਚ ਮੁੱਚ ਪੂਰੇ ਸਮਝੋ, ਜਿਨ੍ਹਾਂ ਨੂੰ ਸਾਹ ਲੈਂਦਿਆਂ ਤੋ ਖਾਂਦਿਆਂ ਕਦੇ ਵੀ ਪ੍ਰਮਾਤਮਾ ਨਹੀਂ ਵਿਸਰਦਾ। ਜੋ ਮਨੁੱਖ ਸਤਿਗੁਰੂ ਦੇ ਸਨਮੁੱਖ ਹੋ ਕੇ ਹਰਿ ਨੂੰ ਸਿਮਰਦੇ ਹਨ, ਉਨ੍ਹਾਂ ਲਈ ਜਮਰਾਜ ਦੀ ਅਤੇ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ।੨੨।
ਇਹ ਵੀ ਪੜ੍ਹੋ: ਹਰਿਆਣਾ ਦੇ ਗੁਰਦੁਆਰਿਆਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੇ ਐੱਸਜੀਪੀਸੀ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ