ਅੰਮ੍ਰਿਤਸਰ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 110 ਤੋਂ ਵੱਧ ਮੌਤਾਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੇ ਬਚਾਅ ਵਿੱਚ ਕਾਂਗਰਸੀ ਆਗੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ।
ਮੰਗਲਵਾਰ ਨੂੰ ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਜਿੱਥੇ ਇਸ ਮੰਦਭਾਗੀ ਘਟਨਾ 'ਤੇ ਦੁੱਖ ਪ੍ਰਗਟਾਇਆ ਉਥੇ ਹੀ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ।
ਔਜਲਾ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਲਾਇਸੈਂਸ ਨਾ ਹੋਵੇ ਤਾਂ ਪੁਲਿਸ ਉਸ ਨੂੰ ਚਲਾਨ ਕੱਟੇ ਬਿਨ੍ਹਾਂ ਜਾਂ ਪੈਸੇ ਲਏ ਬਿਨ੍ਹਾਂ ਨਹੀਂ ਛੱਡਦੀ ਤਾਂ ਇੰਨਾ ਵੱਡਾ ਕੰਮ ਪੁਲਿਸ ਦੀ ਮਰਜ਼ੀ ਤੋਂ ਬਗ਼ੈਰ ਕਿਵੇਂ ਹੋ ਸਕਦਾ ਹੈ। ਔਜਲਾ ਨੇ ਕਿਹਾ ਕਿ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ, ਇਨ੍ਹਾਂ ਨੂੰ ਉਦੋਂ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ।