ਅੰਮ੍ਰਿਤਸਰ: ਪੂਰੇ ਉੱਤਰ ਭਾਰਤ ਵਿੱਚ ਠੰਡ ਦਾ ਪ੍ਰਕੋਪ ਜਾਰੀ ਹੈ। ਪਰ ਇਸ ਦੇ ਬਾਵਜੂਦ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸਰਦੀਆਂ ਦੇ ਮੌਸਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਬੰਧਕ ਕਮੇਟੀ ਨੇ ਪਰਿਕਰਮਾ ਵਿੱਚ ਤਿੰਨ ਮੈਟ ਰੱਖੇ ਹਨ ਤਾਂ ਕਿ ਪਰਿਕਰਮਾ ਦੌਰਾਨ ਸ਼ਰਧਾਲੂਆਂ ਦੇ ਪੈਰਾਂ ਨੂੰ ਠੰਡ ਨਾ ਪਵੇ ਅਤੇ ਸੰਗਤ ਪਰਿਕਰਮਾ ਵਿੱਚ ਬੈਠ ਕੇ ਗੁਰੂਬਾਣੀ ਦਾ ਸਰਵਨ ਕਰ ਸਕੇ।
ਨਾਲ ਹੀ ਸਰਦ ਰੁੱਤ ਨੂੰ ਧਿਆਨ 'ਚ ਰੱਖਦਿਆਂ ਸ਼ਰਧਾਲੂਆਂ ਵੱਲੋਂ ਦਰਬਾਰ ਸਾਹਿਬ ਦਾਖਲ ਹੋਣ ਤੋਂ ਪਹਿਲਾਂ ਪੈਰ ਧੋਣ ਲਈ ਗਰਮ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਮੁਤਾਬਕ ਸ਼ਰਧਾਲੂਆਂ ਲਈ ਕਮਰੇ ਸਰਾਵਾਂ ਵਿੱਚ ਬਣਾਏ ਗਏ ਹਨ। ਉਨ੍ਹਾਂ ਕਮਰਿਆਂ ਵਿੱਚ ਗੀਜ਼ਰ, ਕੰਬਲ ਅਤੇ ਰਜਾਈ ਦੇ ਵਿਸ਼ੇਸ਼ ਪ੍ਰਬੰਧ ਹਨ। ਸ਼ਰਧਾਲੂਆਂ ਲਈ 1200 ਕਮਰੇ ਖੋਲ੍ਹੇ ਗਏ ਹਨ ਅਤੇ ਨਾਲ ਹੀ ਸ਼ਰਧਾਲੂਆਂ ਨੂੰ ਠੰਡ ਤੋਂ ਬਚਾਓਣ ਲਈ ਹਰ ਸੰਭਵ ਪ੍ਰਬੰਧ ਕੀਤੇ ਜਾ ਰਹੇ ਹਨ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਆਉਣ ਤੋਂ ਬਾਅਦ ਸ਼ਿਮਲਾ ਵਰਗਾ ਮਹਿਸੂਸ ਕਰ ਰਹੇ ਹਨ ਅਤੇ ਗੁਰੂ ਘਰ ਆਉਣ ਤੋਂ ਬਾਅਦ ਵਿਸ਼ੇਸ਼ ਪ੍ਰਬੰਧਾਂ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ।