ਅੰਮ੍ਰਿਤਸਰ: ਪੰਜਾਬ ਸਰਕਾਰ ਅਤੇ ਸਮੂਹ ਕਾਂਗਰਸ ਪਾਰਟੀ ਗੁਰੂਆਂ, ਪੀਰਾਂ, ਸ਼ਹੀਦਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਦੀਆਂ ਯਾਦਗਰਾਂ ਨੂੰ ਸੰਭਾਲਣ ਲਈ ਹਰ ਸੰਭਵ ਉਪਰਾਲੇ ਲਈ ਵਚਨਬੱਧ ਹੈ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਵਜੀਰ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਗੱਲਬਾਤ ਦੌਰਾਨ ਕੀਤਾ।
ਮੰਤਰੀ ਸੋਨੀ ਵਲੋਂ ਅੱਜ ਵਾਰਡ ਨੰਬਰ 55 ਦੇ ਅਧੀਨ ਪੈਂਦੇ ਇਲਾਕੇ ਨਾਈਆਂ ਵਾਲਾ ਮੋੜ ਵਿਖੇ ਭਗਤ ਕਬੀਰ ਜੀ ਦੇ ਯਾਦਗਾਰੀ ਗੇਟ ਦੇ ਸੁੰਦਰੀਕਰਨ ਲਈ ਭਗਤ ਕਬੀਰ ਦਾਸ ਕਮੇਟੀ ਨੂੰ ਢਾਈ ਲੱਖ ਰੁਪੈ (2.50) ਦਾ ਚੈੱਕ ਅਤੇ ਕਬੀਰ ਜਾਗ੍ਰਤੀ ਸਭਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ।
ਉਨ੍ਹਾਂ ਕਮੇਟੀਆਂ ਨੂੰ ਚੈੱਕ ਸੌਂਪਦੇ ਕਿਹਾ ਕਿ ਗੁਰੂਆਂ, ਭਗਤਾਂ, ਸ਼ਹੀਦਾਂ ਦੀਆਂ ਯਾਦਗਾਰਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਹਨ, ਇਸ ਲਈ ਸਰਕਾਰ ਦੀ ਹਮੇਸ਼ਾਂ ਕੋਸ਼ਿਸ਼ ਹੈ ਕਿ ਉਹ ਰਹਿਬਰ ਜਿੰਨਾ ਨੇ ਮਨੁੱਖਤਾ ਦੇ ਭਲੇ ਲਈ ਉਪਦੇਸ਼ ਦਿੱਤਾ ਹੈ, ਉਨ੍ਹਾਂ ਦੇ ਢੁੱਕਵੇਂ ਸਮਾਰਕ ਬਣਾਏ ਜਾਣ ਤਾਂ ਜੋ ਸਾਡੇ ਨੌਜਵਾਨ, ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।
ਉਨ੍ਹਾਂ ਦੱਸਿਆ ਕਿ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੀ ਕਪੂਰਥਲਾ ਵਿੱਚ ਬਣਾਈ ਜਾਣ ਵਾਲੀ ਯਾਦਗਾਰ ਵੀ ਪੰਜਾਬ ਸਰਕਾਰ ਦੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਕੈਬਿਨੇਟ ਮੰਤਰੀ ਸੋਨੀ ਨੇ ਕਮੇਟੀ ਮੈਂਬਰਾਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ, ਤਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਫਿਲੌਰ ਵਿਖੇ ਹਵਾ ’ਚ ਗੋਤੇ ਖਾਂਦੀ ਕਾਰ ਕੈਂਟਰ ਨਾਲ ਟਕਰਾਈ