ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚੱਲਦਿਆਂ ਪਿਛਲੇ 3 ਮਹੀਨਿਆਂ ਤੋਂ ਭਾਰਤ ਵਿੱਚ ਹਰ ਪ੍ਰਕਾਰ ਦਾ ਕਾਰੋਬਾਰ ਠੱਪ ਹੈ ਅਤੇ ਜ਼ਿੰਦਗੀ ਦੀ ਰਫ਼ਤਾਰ ਵੀ ਮੱਠੀ ਹੋ ਗਈ ਹੈ, ਜ਼ਿੰਦਗੀ ਕਦੋਂ ਮੁੜ ਲੀਹ 'ਤੇ ਆਵੇਗੀ, ਇਹ ਤਾਂ ਸਮੇਂ ਦੇ ਗਰਭ ਵਿੱਚ ਹੈ ਪਰ ਮੌਜੂਦਾ ਹਾਲਾਤਾਂ ਵਿੱਚ ਰੋਜ਼ ਕਮਾ ਕੇ ਆਪਣੇ ਪਰਿਵਾਰਾਂ ਦੇ ਢਿੱਡ ਪਾਲਣ ਵਾਲੇ ਛੋਟੋ-ਛੋਟੇ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਆਦਿ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰਾਂ ਦਾ ਦੁੱਖ ਜਾਣਨ ਲਈ ਈਟੀਵੀ ਭਾਰਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਬਜ਼ਾਰਾਂ ਦੇ ਦੁਕਾਨਦਾਰਾਂ ਨਾਲ ਖਾਸ ਗੱਲਬਾਤ ਕੀਤੀ ਗਈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਹੁਣ ਕੋਈ ਗਾਹਕ ਨਹੀਂ ਆ ਰਿਹਾ ਕਿਉਂਕਿ ਉਨ੍ਹਾਂ ਦਾ ਸਾਰਾ ਕਾਰੋਬਾਰ ਹੀ ਬਾਹਰਲੇ ਯਾਤਰੂਆਂ 'ਤੇ ਨਿਰਭਰ ਹੈ, ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਬੰਦ ਹਨ, ਜਿਸ ਕਾਰਨ ਬਾਹਰੋਂ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਨਹੀਂ ਆ ਰਿਹਾ। ਆਵਾਜਾਈ ਘੱਟ ਹੋਣ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਉਹ ਗਾਹਕਾਂ ਦੀ ਅਣਹੋਂਦ ਕਰਕੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਦੀ ਯੋਜਨਾ ਠੀਕ ਨਹੀਂ ਹੈ, ਪੁਲਿਸ ਮਾਸਕ ਤੇ ਸੋਸ਼ਲ ਡਿਸਟੈਂਸ ਦੇ ਨਾਂ 'ਤੇ ਪੈਸੇ ਇਕੱਠੇ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਵੀ ਹੋਰ ਦੇਸ਼ਾਂ ਵਾਂਗ ਛੋਟੇ ਕਾਰੋਬਾਰ ਕਰਨ ਵਾਲਿਆਂ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਪਰ ਇੱਥੇ ਸਰਕਾਰਾਂ ਲੁੱਟਣ 'ਤੇ ਲੱਗੀਆਂ ਹਨ।
ਇੱਕ ਹੋਰ ਦੁਕਾਨਦਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਖਰੀਦੋ ਫਰੋਖ਼ਤ ਕੋਈ ਨਹੀਂ ਹੋ ਰਹੀ, ਕੋਈ ਵਪਾਰ ਨਹੀਂ ਹੋ ਰਿਹਾ ਤੇ ਕਮਾਈ ਦਾ ਕੋਈ ਪ੍ਰਬੰਧ ਨਹੀਂ। ਤਾਲਾਬੰਦੀ ਕਰਕੇ ਲੋਕ ਬਾਹਰੋਂ ਆ ਨਹੀਂ ਰਹੇ ਅਤੇ ਲੋਕਾਂ ਕੋਲ ਪੈਸੇ ਦੀ ਵੀ ਘਾਟ ਹੈ, ਕਮਾਈ ਦੇ ਸਾਧਨ ਖਤਮ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣਾ ਢਾਂਚਾ ਬਦਲਣਾ ਚਾਹੀਦਾ ਹੈ, ਪੈਟਰੋਲ, ਡੀਜ਼ਲ ਤੇ ਜ਼ਰੂਰੀ ਵਸਤਾਂ ਦਾ ਭਾਅ ਘਟਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ 'ਤੇ ਹੋਰ ਆਰਥਿਕ ਬੋਝ ਨਾ ਪਵੇ।
ਇਹ ਵੀ ਪੜੋ: ਜੰਮੂ-ਕਸ਼ਮੀਰ: ਅਨੰਤਨਾਗ 'ਚ ਸੀਆਰਪੀਐਫ 'ਤੇ ਅੱਤਵਾਦੀ ਹਮਲਾ, 1 ਫੌਜੀ ਸ਼ਹੀਦ, 1 ਮਾਸੂਮ ਦੀ ਮੌਤ
ਇੱਥੇ ਵੀ ਜ਼ਿਕਰਯੋਗ ਹੈ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਆਸ ਪਾਸ ਘੰਟਾਘਰ,ਉੱਪਨ ਪਲਾਜ਼ਾ, ਜੱਲ੍ਹਿਆਂ ਵਾਲਾ ਬਾਗ ਦੇ ਨੇੜੇ 500 ਦੇ ਕਰੀਬ ਦੁਕਾਨਾਂ ਹਨ। ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਭਾਵੇਂ 8 ਜੂਨ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ ਪਰ ਗਾਹਕ ਨਾ ਆਉਣ ਕਰਕੇ ਦੁਕਾਨਦਾਰ ਪ੍ਰੇਸ਼ਾਨ ਅਤੇ ਡੂੰਘੀ ਸੋਚ ਵਿੱਚ ਹਨ।