ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੱਕ ਸਵਰਨਕਾਰ ਨਾਲ ਗੋਰਖਪੁਰ ਯੂ.ਪੀ.’ਚ ਸੋਨੇ ਦੀ ਲੁੱਟ-ਖੋਹ ਕਰਨ ਵਾਲਾ ਕਾਂਗਰਸੀ ਆਗੂ ਸੰਤੋਖ ਸਿੰਘ ਹੀਰਾ ਹਲਕਾ ਦੱਖਣੀ ਤੋਂ ਕਾਂਗਰਸ ਦੇ ਐਮ.ਐਲ.ਏ. ਇੰਦਰਬੀਰ ਸਿੰਘ ਬੁਲਾਰੀਆ ਬੇਹੱਦ ਨੇੜਲਾ ਸਾਥੀ ਹੈ ਜੋ ਕਿ ਵਿਧਾਇਕ ਦੀ ਸ਼ਹਿ ’ਤੇ ਹੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹੈ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਪੱਤਰਕਾਰਾਂ ਕੋਲ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਹੀਰਾ ਵੱਲੋਂ ਗੋਰਖਪੁਰ ਯੂ.ਪੀ.’ਚ ਆਪਣੇ ਸਾਥੀਆਂ ਨਾਲ ਮਿਲ ਕੇ ਸਵਰਨਕਾਰ ਸ਼ਲਿੰਦਰ ਸਿੰਘ ਕੋਲੋਂ ਸੋਨੇ ਦੀ ਲੁੱਟ ਦੇ ਮਾਮਲੇ ’ਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਉਸ ਦੇ ਪੀ.ਏ.ਪਰਮਜੀਤ ਸਿੰਘ ਤੇ ਅਰਵਿੰਦਰ ਸਿੰਘ ਭਾਟੀਆ ਪੂਰੀ ਤਰ੍ਹਾਂ ਨਾਲ ਸ਼ਾਮਲ ਹਨ।
ਅਕਾਲੀ ਆਗੂ ਨੇ ਵਿਧਾਇਕ ਬੁਲਾਰੀਆ ਤੇ ਉਨ੍ਹਾਂ ਦੇੇ ਪੀ.ਏ. ਅਰਵਿੰਦਰ ਭਾਟੀਆ ਤੇ ਪਰਮਜੀਤ ਸਿੰਘ ਦੀਆ ਫੋਟੋਆਂ ਦਿਖਾਉਦਿਆਂ ਕਿਹਾ ਕਿ ਜੇਕਰ ਪੁਲਿਸ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਹੀਰਾ ਤੋਂ ਪੁੱਛਗਿੱਛ ਕਰੇ ਤਾਂ ਵਿਧਾਇਕ ਬੁਲਾਰੀਆ ਅਤੇ ਉਸ ਦੇ ਦੋਵੇਂ ਪੀ.ਏ. ਜਲਦ ਜੇਲ ਦੀ ਸਲਾਖਾਂ ਪਿੱਛੇ ਦਿਖਾਈ ਦੇਣਗੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਥੋੜ੍ਹੇ ਦਿਨ ਪਹਿਲਾਂ ਨਾਜਾਇਜ਼ ਹਥਿਆਰਾਂ ਸਮੇਤ ਫੜਿਆ ਗਿਆ ਸਾਬਕਾ ਕੌਂਸਲਰ ਵਿੱਕੀ ਕੰਡਾ ਵੀ ਵਿਧਾਇਕ ਦਾ ਨਜ਼ਦੀਕੀ ਸਾਥੀ ਹੈ ਜਿਸ ਨੂੰ ਵਿਧਾਇਕ ਨੇ ਵਾਰਡ ਨੰ.37 ਦੀ ਜ਼ਿਮਨੀ ਚੋਣ ’ਚ ਬੂਥ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਬੁਲਾਰੀਆ ਦੇ ਅਸਲ ਚਿਹਰੇ ਨੂੰ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਕਚਿਹਰੀ ’ਚ ਨੰਗਾ ਕਰਕੇ ਹੀ ਰਹੇਗਾ।