ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਟਕਾ ਸਾਹਿਬ ਵਿੱਚ ਗ਼ਲਤ ਗੁਰਬਾਣੀ ਛਾਪਣ ਨੂੰ ਲੈ ਕੇ ਇੱਕ ਸੰਸਥਾ ਵੱਲੋਂ 'ਭਾਈ ਚਤਰ ਸਿੰਘ ਜੀਵਨ ਸਿੰਘ' ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਨੂੰ ਲੈ ਕੇ ਫ਼ਰਮ ਦੇ ਮਾਲਕ ਪ੍ਰਭਜੀਤ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ।
ਫ਼ਰਮ ਦੇ ਮਾਲਕ ਪ੍ਰਭਜੀਤ ਸਿੰਘ ਨੇ ਕਿਹਾ ਕਿ 2 ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਗੁਰਦੁਆਰਾ ਅਨੰਦਗੜ੍ਹ ਸਾਹਿਬ ਬਾਜਾਖਾਨਾ ਦੇ 3 ਗੁਟਕਾ ਸਾਹਿਬ ਦਿਖਾਏ ਗਏ ਸਨ। ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਸੁਖਮਨਾ ਸਾਹਿਬ ਕੋਈ ਬਾਣੀ ਨਹੀਂ ਹੈ। ਇਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਇਹ ਬਾਣੀ ਅੰਗ ਨੰਬਰ 833 ਤੋਂ 1326 ਤੱਕ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਬਾਣੀ ਨੂੰ 'ਸੁਖਮਨਾ ਸਾਹਿਬ' ਹੀ ਕਿਹਾ ਜਾਂਦਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਵਾਇਰਲ ਵੀਡੀਓ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ 'ਸੁਖਮਨੀ ਸਾਹਿਬ' ਨੂੰ 'ਸੁਖਮਨਾ ਸਾਹਿਬ' ਲਿਖਿਆ ਗਿਆ ਹੈ। ਇਸ ਦੇ ਸਪੱਸ਼ਟੀਕਰਨ ਵਿੱਚ 'ਚਤਰ ਸਿੰਘ ਜੀਵਨ ਸਿੰਘ ਫ਼ਰਮ' ਦੇ ਮਾਲਕ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਜੋ ਅੰਗ ਨੰਬਰ 833 ਤੋਂ 1326 ਤੱਕ ਹੈ, ਉਸ ਨੂੰ ਸੁਖਮਨਾ ਸਾਹਿਬ ਕਿਹਾ ਜਾਂਦਾ ਹੈ। ਕੁਝ ਅਗਿਆਨੀ ਲੋਕਾਂ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਸੀ ਤੇ ਬਾਅਦ ਵਿੱਚ ਉਨ੍ਹਾਂ ਨੇ ਮੁਆਫੀ ਵੀ ਮੰਗ ਲਈ ਹੈ।
ਪ੍ਰਭਜੀਤ ਸਿੰਘ ਨੇ ਦੱਸਿਆ ਕਿ ਇੱਕ ਗੁਟਕਾ ਸਾਹਿਬ ਦਿਖਾਇਆ ਗਿਆ ਹੈ, ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਸੰਪਟ ਲੱਗਿਆ ਹੋਇਆ ਹੈ, ਉਹ ਗੁਟਕਾ ਉਨ੍ਹਾਂ ਦੀ ਫਰਮ ਵੱਲੋਂ ਨਹੀਂ ਛਾਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ "ਸਤਿਗੁਰੂ ਰਾਮ ਸਿੰਘ ਸਹਾਇ" ਦੇ ਨਾਂਅ ਵਾਲਾ ਗੁਟਕਾ ਸਾਹਿਬ ਹੈ, ਉਹ ਨਾਮਧਾਰੀ ਸੰਸਥਾ, ਭੈਣੀ ਸਾਹਿਬ ਵੱਲੋਂ ਛਾਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਦੀ ਫ਼ਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਫਰਮ ਮਾਲਕ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਹੋਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਜੋ ਵੀ ਨਿਰਦੇਸ਼ ਜਾਰੀ ਹੋਣਗੇ, ਉਹ ਉਸ ਦੀ ਪਾਲਣਾ ਕਰਨਗੇ ਅਤੇ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਧਾਰਮਿਕ ਗੁਟਕਾ ਸਾਹਿਬ, ਪੋਥੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੁਤਾਬਕ ਹੀ ਛਾਪਦੇ ਹਨ। ਉਨ੍ਹਾਂ ਵੱਲੋਂ ਅਜਿਹਾ ਕੁੱਝ ਵੀ ਨਹੀਂ ਛਾਪਿਆ ਜਾਂਦਾ ਜਿਸ ਨਾਲ ਸਿੱਖਾਂ ਸੰਗਤ ਦੇ ਮਨਾਂ ਨੂੰ ਠੇਸ ਪਹੁੰਚੇ।
ਇਹ ਵੀ ਪੜ੍ਹੋ;ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕੀਤਾ: ਭੂੰਦੜ