ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ 100 ਸਾਲਾ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ,ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਸੰਤ ਪਹੁੰਚੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਚੁੱਕੇ ਸਵਾਲ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਨੇੜੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਹਿਸਾਬ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖ਼ਿਲਾਫ਼ ਨਾਅਰੇ ਲਾਏ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਮਾਗਮ ਮਨਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੂ ਆਨੰਦ ਮੈਰਿਜ ਐਕਟ ਦਾ ਵਿਰੋਧ ਨਹੀਂ ਕੀਤਾ। ਪੰਜਾਬ ਦੇ ਪਾਣੀ, ਹੈਡਵਰਕਸ ਲੁੱਟੇ ਗਏ ਉਦੋਂ ਕੁਝ ਨਹੀਂ ਬੋਲਿਆ, ਫਿਰ ਸਾਲ 1984 ਵਿੱਚ ਸਿੱਖ ਕੌਮ ਦਾ ਮਹਾਨ ਤੋਸ਼ਾਖਾਨਾ ਅਤੇ ਸਿੱਖ ਰੈਂਫਰੈਂਸ ਲਾਇਬਰੇਰੀ ਨੂੰ ਭਾਰਤ ਸਰਕਾਰ ਨੇ ਲੁੱਟ ਲਿਆ ਉਸ ਵੇਲੇ ਵੀ ਪ੍ਰਕਾਸ਼ ਸਿੰਘ ਬਾਦਲ ਕੁੱਝ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪਾਰਲੀਮੈਂਟ ਵਿੱਚ ਵੀ ਮੈਂਬਰ ਰਹੇ ਤੇ ਸਿੱਖ ਕੌਮ ਦੇ ਹੱਕਾਂ ਲਈ ਇੱਕ ਸ਼ਬਦ ਨਹੀਂ ਮੂੰਹੋਂ ਕੱਢਿਆ।