ਅੰਮ੍ਰਿਤਸਰ : ਸਾਬਕਾ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਸ਼ਨੀਵਾਰ ਉਹ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਮੁੱਖ ਦਫ਼ਤਰ ਭੰਡਾਰੀ ਪੁਲ ਅੰਮ੍ਰਿਤਸਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਭਾਜਪਾ ਵੱਲੋਂ ਖੇਤੀ ਸੁਧਾਰ ਕਾਨੂੰਨ ਕਿਸਾਨਾਂ ਤੇ ਥੋਪੇ ਗਏ ਤਾਂ ਉਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਦਿੱਲੀ ਕੂਚ ਨੂੰ ਚਾਲੇ ਪਾਏ ਗਏ ਤਾਂ ਉਸ ਸਮੇਂ ਬਾਦਲ ਪਰਿਵਾਰ ਵੱਲੋਂ ਮੇਰੇ ਉੱਤੇ ਬਹੁਤ ਸਾਰਾ ਦਬਾਅ ਬਣਾਇਆ ਜਾਣ ਲੱਗਾ। ਮੇਰੇ ਤੇ ਕਾਫੀ ਤਸ਼ੱਦਦ ਕੀਤਾ ਜਾਣ ਲੱਗਾ ਕਿਉਂਕਿ ਬਾਦਲ ਪਰਿਵਾਰ ਨੂੰ ਲੱਗਾ ਕਿ ਪੰਜਾਬੀ ਸਾਰੇ ਆਪਣਾ ਹੱਕ ਲੈਣ ਲਈ ਦਿੱਲੀ ਬਾਰਡਰ ਤੇ ਚਲੇ ਗਏ ਹਨ ਅਤੇ ਹੁਣ ਇਸ ਬਣੀ ਸਿੱਟ ਨੂੰ ਦਬਾਇਆ ਜਾ ਸਕਦਾ ਹੈ।
ਅੱਗੇ ਉਨ੍ਹਾਂ ਬੋਲਦੇ ਹੋਏ ਕਿਹਾ ਕਿ ਹੁਣ ਕੋਟਕਪੂਰਾ ਵਿਖੇ ਹੋਈ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਤੇ ਕਾਰਵਾਈ ਕਰਨਾ ਤੇ ਸਿੱਖ ਸੰਗਤ ਨੂੰ ਇਨਸਾਫ਼ ਦੁਆਉਣਾ ਬਹੁਤ ਮੁਸ਼ਕਿਲ ਹੈ ਲੇਕਿਨ ਉਹਨਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿੱਖ ਸੰਗਤ ਨੂੰ ਇਨਸਾਫ ਦਿਵਾਇਆ ਜਾ ਸਕੇ। ਅਗਰ ਕਾਨੂੰਨੀ ਇਨਸਾਫ਼ ਨਾ ਮਿਲਿਆ ਤਾਂ ਲੋਕਾਂ ਦੀ ਕਚਹਿਰੀ ਵਿੱਚ 2022 ਵਿੱਚ ਲੋਕਾਂ ਨੂੰ ਜ਼ਰੂਰ ਇਨਸਾਫ ਦਿਵਾਵਾਂਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਮੈਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਅਤੇ ਮਜਬੂਰਨ ਮੈਂ ਨੌਕਰੀ ਛੱਡੀ।
ਉਨ੍ਹਾਂ ਕਿਹਾ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੀ ਗਿਣਤੀ 'ਚ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵਪੱਧਰੀ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਚੰਗਾ ਕਰਕੇ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ।
ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ। ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ:ਕੋਟਕਪੂਰਾ ਗੋਲੀਕਾਂਡ : SIT ਵੱਲੋਂ ਸੁਖਬੀਰ ਤੋਂ 4 ਘੰਟੇ ਤੱਕ ਪੁੱਛਗਿੱਛ
ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਦਾ ਸਮਾਂ ਆਇਆ ਤਾਂ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਆਪਣੀ ਸਪੀਚ ਦੌਰਾਨ ਸਭ ਕੁਝ ਬੋਲ ਗਏ ਅਤੇ ਹੁਣ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕਰਨਗੇ।