ਅੰਮ੍ਰਿਤਸਰ: ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਨੇ ਹੋਰ ਸ਼ਰਤਾਂ ਸਮੇਤ ਸਾਫ਼ ਸਫ਼ਾਈ ਨੂੰ ਮੁੱਖ ਮੰਨਿਆ ਹੈ। ਇੱਕ ਦੂਜੇ ਵਿਅਕਤੀ ਤੋਂ ਦੂਰੀ ਅਤੇ ਸਾਫ਼ ਸਫ਼ਾਈ ਦਾ ਖਿਆਲ ਰੱਖਣਾ ਹੀ ਕੋਰੋਨਾ ਤੋਂ ਬਚਾਅ ਹੈ। ਇਸੇ ਤਹਿਤ ਹੀ ਬਾਬਾ ਨ੍ਹੇਰੀ ਦਾ ਜਥਾ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਪਲਾਜ਼ਾ, ਘੰਟਾਘਰ, ਵਰਾਂਡਿਆਂ, ਸਾਹਮਣੇ ਵਾਲੀ ਸੜਕ ਨੂੰ ਪਾਣੀ ਨਾਲ ਧੋ ਕੇ ਸਾਫ਼ ਸਫ਼ਾਈ ਕਰਦਾ ਹੈ। ਬਾਬਾ ਸਾਧਾ ਸਿੰਘ ਨੇਰੀ ਨੇ ਦੱਸਿਆ ਕਿ ਉਹ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਤੋਂ ਘੰਟਾ ਘਰ ਵਾਲਾ ਪਾਸਾ ਅਤੇ ਹੋਰ ਸਥਾਨਾਂ ਦੀ ਸਾਫ਼ ਸਫ਼ਾਈ ਕਰਦੇ ਹਨ ।
ਉਨ੍ਹਾਂ ਦੱਸਿਆ ਕਿ ਕੋਰੋਨਾ ਕਰਕੇ ਹੋਰ ਵੀ ਸੁਚੇਤ ਰੂਪ ਵਿੱਚ ਸੇਵਾ ਕੀਤੀ ਜਾਂਦੀ ਹੈ ਅਤੇ ਹੁਣ ਇਹ ਸਫ਼ਾਈ ਜਲ੍ਹਿਆਂ ਵਾਲੇ ਬਾਗ਼ ਤੱਕ ਕੀਤੀ ਜਾਂਦੀ ਹੈ। ਸੇਵਾਦਾਰ ਭਾਈ ਗੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਪਲਾਜ਼ੇ ਵਿੱਚ ਕੋਈ ਵਿਅਕਤੀ ਸ਼ੱਕੀ ਜਾਪਦਾ ਹੈ ਤਾਂ ਉਸ ਦਾ ਡਾਕਟਰੀ ਟੀਮ ਤੋਂ ਚੈੱਕ ਕਰਵਾਇਆ ਜਾਂਦਾ ਹੈ। ਜੇ ਕੋਈ ਵਿਅਕਤੀ ਸੀਰੀਅਸ ਹੋਵੇ ਤਾਂ ਐਂਬੂਲੈਂਸ ਰਾਹੀਂ ਉਸਨੂੰ ਹਸਪਤਾਲ 'ਚ ਪਹੁੰਚਾਇਆ ਜਾਂਦਾ ਹੈ। ਸੇਵਾਦਾਰ ਭਾਈ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਦੇ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਅਜੇ ਵੀ ਅਨੇਕਾਂ ਲੋਕ ਪੱਕੇ ਤੌਰ 'ਤੇ ਪਹਿਲਾਂ ਦੀ ਤਰ੍ਹਾਂ ਹੀ ਰਹਿ ਰਹੇ ਹਨ, ਜਿਨ੍ਹਾਂ ਦਾ ਖ਼ਿਆਲ ਇਨ੍ਹਾਂ ਸੇਵਾਦਾਰਾਂ ਵੱਲੋਂ ਰੱਖਿਆ ਜਾਂਦਾ ਹੈ।