ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲੀ ਸਕਾ 'ਚ ਇੱਕ 18 ਸਾਲਾਂ ਦੇ ਨੌਜਵਾਨ ਸੁਖਜਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਵਿੱਚ ਸੰਪੂਰਨ ਭੋਗ ਪਾਏ ਗਏ ਹਨ। ਇਸ ਮੌਕੇ 'ਤੇ ਨੌਜਵਾਨ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਤੇ ਮਨ ਵਿੱਚ ਚਾਹਤ ਸੀ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਕੱਲਾ ਹੀ ਕਰ ਸਕਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੇ ਪਰਿਵਰਕ ਮੈਂਬਰਾਂ ਅਤੇ ਆਪਣੇ ਉਸਤਾਦ ਗ੍ਰੰਥੀ ਨਿਰਮਲ ਸਿੰਘ ਜੀ ਨਾਲ ਸਲਾਹ ਮਸ਼ਵਰਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਅਸੰਭਵ ਨਹੀਂ ਹੈ ਕਿਉਂਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਨੂੰ ਕਰਨ ਵਾਸਤੇ ਪੰਜ ਗ੍ਰੰਥੀ ਸਿੰਘ ਹੁੰਦੇ ਹਨ ਤੇ ਉਹ ਦੋ ਦੋ ਘੰਟਿਆਂ ਦੀਆਂ ਰੌਲਾਂ ਲਗਾ ਕੇ ਇਸ ਸ੍ਰੀ ਅਖੰਡ ਪਾਠ ਸਾਹਿਬ ਨੂੰ ਸੰਪੂਰਨ ਕਰਦੇ ਹਨ।
ਇੱਕ ਚੌਂਕੜੇ 'ਚ ਕੀਤਾ ਕਾਰਜ ਪੂਰਾ: ਨੌਜਵਾਨ ਨੇ ਕਿਹਾ ਕਿ ਮੇਰੇ ਮਨ 'ਚ ਇੱਕ ਚਾਹਤ ਸੀ ਤੇ ਮੈਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਦੀ ਅਰਦਾਸ ਕਰਕੇ ਬਾਣੀ ਦੀ ਆਰੰਭਤਾ ਕਰ ਦਿੱਤੀ ਤਾਂ ਗੁਰੂ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੋਈ ਕਿ ਅਖੰਡ ਪਾਠ ਸਾਹਿਬ ਸੰਪੂਰਨ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟਿ ਧੰਨਵਾਦ ਕਰਦਾ ਹਾਂ, ਜਿੰਨਾਂ ਨੇ ਮੇਰੇ ਤੋਂ ਇਹ ਸੇਵਾ ਲਈ। ਇਸ ਦੇ ਨਾਲ ਹੀ ਨੌਜਵਾਨ ਨੇ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਅਤੇ ਇੱਕ ਵਧੀਆ ਜੀਵਨ ਬਤੀਤ ਕਰਨ ਅਤੇ ਆਪਣੇ ਮਾਂ ਪਿਓ ਦਾ ਨਾਂ ਰੌਸ਼ਨ ਕਰਨ।
ਪਰਿਵਾਰ 'ਚ ਖੁਸ਼ੀ ਤੇ ਪੁੱਤ ਉੱਤੇ ਮਾਣ: ਉੱਥੇ ਹੀ ਪਰਿਵਾਰਕ ਮੈਂਬਰਾਂ ਵਿੱਚ ਵੀ ਕਾਫ਼ੀ ਖ਼ੁਸ਼ੀ ਵੇਖਣ ਨੂੰ ਮਿਲੀ। ਉਨ੍ਹਾਂ ਅਪਣੇ ਬੱਚੇ ਨੂੰ ਵਧਾਈ ਵੀ ਦਿੱਤੀ ਤੇ ਨਾਲ ਹੀ ਇਸ ਨੂੰ ਵਾਹਿਗੁਰੂ ਜੀ ਦਾ ਅਸ਼ੀਰਵਾਦ ਦੱਸਿਆ ਕਿ ਜਿਸਦੇ ਚੱਲਦੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਵਿੱਚ ਸੰਪੂਰਨ ਕੀਤੇ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਉਹਨਾਂ ਦੇ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹ ਚੜ੍ਹਦੀ ਕਲਾ ਵਿੱਚ ਰਵੇ। ਉਹਨਾਂ ਕਿਹਾ ਕਿ ਬਚਪਨ ਤੋਂ ਹੀ ਇਸ ਨੂੰ ਇਹ ਸ਼ੌਂਕ ਸੀ, ਜਿਸ ਦੇ ਚੱਲਦੇ ਇਹ ਪੜ੍ਹਾਈ ਦੇ ਨਾਲ-ਨਾਲ ਪਾਠ ਵੀ ਕਰਦਾ ਰਿਹਾ ਤੇ ਅੱਜ ਇਸ ਮੁਕਾਮ 'ਤੇ ਪਹੁੰਚ ਗਿਆ। ਉਹਨਾਂ ਕਿਹਾ ਕਿ ਬਾਬਾ ਨਿਰਮਲ ਸਿੰਘ ਗ੍ਰੰਥੀ ਦੀ ਦੇਖਰੇਖ ਵਿੱਚ ਇਸ ਨੇ ਇਹ ਕਾਰਜ ਆਰੰਭੇ ਹਨ, ਸਾਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬਾਣੀ ਨਾਲ ਜੁੜੋ ਤੇ ਗੁਰੂ ਵਾਲੇ ਬਣੋ।
ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ: ਉੱਥੇ ਹੀ ਨੌਜਵਾਨ ਸੁਖਜਿੰਦਰ ਸਿੰਘ ਦੇ ਗੁਰੂ ਬਾਬਾ ਨਿਰਮਲ ਸਿੰਘ ਗ੍ਰੰਥੀ ਨੇ ਕਿਹਾ ਕਿ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮਨ ਨੂੰ ਬਹੁਤ ਖੁਸ਼ੀ ਮਿਲੀ। ਉਹਨਾਂ ਕਿਹਾ ਕਿ ਵਾਹਿਗੁਰੂ ਨੇ ਆਪ ਆ ਕੇ ਇਸ ਬੱਚੇ ਕੋਲੋਂ ਸੇਵਾ ਲਈ ਹੈ। ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ੇ ਵਿੱਚ ਡੁੱਬੀ ਪਈ ਹੈ ਉਹਨਾਂ ਨੂੰ ਇਸ ਨੌਜਵਾਨ ਤੋਂ ਸਿੱਖਿਆ ਲੈਣ ਦੀ ਲੋੜ ਹੈ।