ਅੰਮ੍ਰਿਤਸਰ: ਜਿਲ੍ਹੇ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਲੰਘੇ ਦਿਨੀਂ ਕਕੜ ਪਿੰਡ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਪਾਲਾ ਨੂੰ ਨਸ਼ੇ ਤੇ ਹੋਰ ਡਰੱਗ ਮਨੀ ਨਾਲ ਕਾਬੂ ਕੀਤਾ ਗਿਆ ਸੀ। ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਇਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਇਸ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ। ਇਸ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸੰਬੰਧ: ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਕੀਤੀ ਗਈ ਗੁਪਤ ਸੂਚਨਾ ਉੱਤੇ ਕਾਰਵਾਈ ਦੌਰਾਨ ਇਸ ਨਸ਼ਾ ਤਸਕਰ ਨੂੰ ਫੜ੍ਹਿਆ ਗਿਆ ਸੀ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਮੁਲਜ਼ਮ ਰਛਪਾਲ ਸਿੰਘ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸਬੰਧ ਹਨ। ਇਹ ਵੀ ਖੁਲਾਸਾ ਹੋਇਆ ਸੀ ਕਿ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਸਮਗਲਿੰਗ ਕਰਦਾ ਹੈ। ਜਦੋਂ ਪੁਲਿਸ ਨੇ ਇਸਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ 5 ਕਿਲੋ ਹੈਰੋਇਨ ਅਤੇ 12 ਲੱਖ 15 ਹਜਾਰ ਰੁਪਏ ਦੀ ਨਕਦੀ ਬਰਮਦ ਹੋਈ ਸੀ।
ਪੁਲਿਸ ਮੁਤਾਬਿਕ ਇਕ ਸੂਚਨਾ ਦੇ ਅਧਾਰ ਉੱਤੇ ਪਿੰਡ ਠੱਟਾ ਵਿੱਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ, ਜਿਸ ਕੋਲ ਕਾਲੇ ਰੰਗ ਦਾ ਬੈਗ ਸੀ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 5 ਕਿਲੋ ਹੈਰੋਇਨ ਅਤੇ 12 ਲੱਖ 15 ਹਜਾਰ ਰੁਪਏ ਦੀ ਰਕਮ ਬਰਾਮਦ ਹੋਈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਵੱਲੋਂ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਇਸ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਕਿ ਇਸ ਦਾ ਮੁੱਖ ਕਿੰਗ ਪਿੰਨ ਕੌਣ ਹੈ ਤੇ ਇਹ ਕਿਸ ਕੋਲੋਂ ਹੈਰੋਇਨ ਮੰਗਵਾਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਰਹੱਦ ਪਾਰ ਤੋਂ ਲਗਾਤਾਰ ਨਸ਼ਾ ਸਪਲਾਈ ਹੋ ਰਿਹਾ ਹੈ ਅਤੇ ਡਰੋਨ ਰਾਹੀਂ ਨਸ਼ਾ ਸਪਲਾਈ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।