ਅੰਮ੍ਰਿਤਸਰ: ਬੁਢਾਪੇ ਦੇ ਵਿੱਚ ਔਲਾਦ ਹੀ ਮਾਂ ਬਾਪ ਦਾ ਸਹਾਰਾ ਬਣਦੀ ਹੈ, ਜਿਸ ਨੂੰ ਮਾਂ ਬਾਪ ਬੜੇ ਚਾਅਵਾਂ ਨਾਲ ਪਾਲਦੇ ਹਨ। ਓਹੀ ਪੁੱਤ ਆਪਣੇ ਮਾਂ ਬਾਪ ਨੂੰ ਜਾਂ ਤਾਂ ਘਰੋ ਕੱਢ ਦਿੰਦਾ ਹੈ ਜਾਂ ਘਰੋਂ ਨਿਕਲ ਜਾਣ ਲਈ ਮਜਬੂਰ ਕਰ ਦਿੰਦਾ ਹੈ।
ਅਜਿਹੀ ਹੀ ਕਹਾਣੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਆਸ਼ਰਮ ਵੱਲੋਂ ਬੇਸਹਾਰਾ ਬਜ਼ੁਰਗਾਂ ਨੂੰ ਸਹਾਰਾ ਦਿੱਤਾ ਜਾ ਰਿਹਾ ਹੈ। ਇਸ ਆਸ਼ਰਮ ਦਾ ਨਾਂਅ ਗੁਰੂ ਰਾਮਦਾਸ ਓਲਡ ਏਜ ਹੋਮ ਹੈ ਜੋ ਲੰਮੇ ਸਮੇਂ ਤੋਂ ਬਜ਼ੁਰਗਾਂ ਦਾ ਸਹਾਰਾ ਬਣ ਰਿਹਾ ਹੈ। ਇਸ ਆਸ਼ਰਮ ਵਿੱਚ ਇਸ ਵੇਲੇ 35 ਤੋਂ 40 ਬਜ਼ੁਰਗ ਰਹਿੰਦੇ ਹਨ।
ਆਸ਼ਰਮ ਵਿੱਚ ਰਹਿ ਰਹੇ ਹਰ ਬਜ਼ੁਰਗ ਦੀ ਕਹਾਣੀ ਅਲੱਗ ਹੈ ਪਰ ਦਰਦ ਲਗਭਗ ਇੱਕੋ ਜਿਹਾ ਹੈ। ਹਰ ਬੁਜ਼ਰਗ ਦੀ ਜ਼ਿੰਦਗੀ ਦਾ ਕਿੱਸਾ ਸੁਣ ਕੇ ਅੱਖਾਂ ਵਿੱਚੋਂ ਅਥਰੂ ਆ ਜਾਣੇ ਲਾਜ਼ਮੀ ਹੈ। ਇਨ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਕਿਸੇ ਦੇ ਬੱਚੇ ਸਰਕਾਰੀ ਨੌਕਰੀ ਕਰਦੇ ਹਨ ਤੇ ਕੋਈ ਆਪ ਸਰਕਾਰੀ ਨੌਕਰੀ ਕਰਦਾ ਹੋਏ ਬੱਚਿਆ ਨੂੰ ਵਿਦੇਸ਼ ਤਾਂ ਭੇਜ ਗਿਆ ਪਰ ਉਹ ਪੁੱਤ ਵਾਪਿਸ ਮਾਂ ਬਾਪ ਦੀ ਸਾਰ ਲੈਣ ਨਹੀਂ ਆਇਆ। ਇਨ੍ਹਾਂ ਬਜ਼ੁਰਗਾਂ ਦੇ ਵਿੱਚ ਇੱਕ ਪ੍ਰਿੰਸੀਪਲ ਵੀ ਹੈ ਜੋ ਨੁੰਹ ਤੋਂ ਤੰਗ ਹੋਣ ਕਾਰਨ ਅਨਾਥਾਂ ਦੀ ਤਰ੍ਹਾਂ ਜਿੰਦਗੀ ਬਸਰ ਕਰਨ ਲਈ ਮਜਬੂਰ ਹੈ।
ਮਾਂ ਬਾਪ ਨੂੰ ਪੁੱਤ ਤੇ ਧੀਆਂ ਵੱਲੋਂ ਇਨ੍ਹਾਂ ਦੁੱਖ ਮਿਲਣ ਤੋਂ ਬਾਅਦ ਵੀ ਬਜ਼ੁਰਗ ਮਾਂ ਬਾਪ ਆਪਣੇ ਬੱਚਿਆਂ ਦੀ ਬੁਰਾਈ ਨਹੀਂ ਸਗੋਂ ਤਾਰੀਫ ਹੀ ਕਰਦੇ ਰਹੇ। ਇੱਕ ਬਜ਼ੁਰਗ ਮਾਂ ਨੇ ਕਿਹਾ ਕਿ ਉਸ ਦਾ ਘਰ ਦਿਲ ਨਹੀਂ ਲੱਗਦਾ ਸੀ ਇਸ ਲਈ ਉਹ ਬਿਰਧ ਆਸ਼ਰਮ ਆ ਗਈ।
ਬਚਪਨ ਵਿੱਚ ਪੁੱਤ ਰੋਂਦਾ ਸੀ ਤਾਂ ਮਾਂ ਲਾਡ ਪਿਆਰ ਨਾਲ ਚੁੱਪ ਕਰਵਾ ਦਿੰਦੀ ਸੀ। ਪਰ ਅੱਜ ਉਸੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਹਨ। ਬਿਰਧ ਆਸ਼ਰਮ ਇਨ੍ਹਾਂ ਬਜ਼ੁਰਗਾਂ ਨੂੰ ਰੋਟੀ ਪਾਣੀ ਤਾਂ ਦੇ ਸਕਦਾ ਹੈ ਪਰ ਉਸ ਪਿਆਰ ਨੂੰ ਕਦੀ ਪੂਰਾ ਨਹੀਂ ਕਰ ਸਕਦਾ ਜਿਸ ਦੀ ਉਮੀਦ ਹਰ ਮਾਂ ਬਾਪ ਆਪਣੇ ਪੁੱਤ ਜਾਂ ਧੀ ਤੋਂ ਕਰਦਾ ਹੈ।