ਚੰਡੀਗੜ੍ਹ: ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅ੍ਰੰਮਿਤਸਰ ਨੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਸਵਾਰੀਆਂ ਭੇਜਣ ਵਿੱਚ ਮੁੜ ਬਾਜੀ ਮਾਰੀ ਹੈ। ਮੈਲਬੌਰਨ ਐਵਲੋਨ ਏਅਰਪੋਰਟ ਤੋਂ ਅ੍ਰੰਮਿਤਸਰ ਲਈ ਯਾਤਰੀਆਂ ਦੀ ਗਿਣਤੀ ਪਹਿਲੇ ਨੰਬਰ ‘ਤੇ ਹੈ।
ਫਲਾਈ ਅ੍ਰੰਮਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅ੍ਰੰਮਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੈਲਬੌਰਨ, ਆਸਟਰੇਲੀਆ ਦੇ ਨਾਲ ਲਗਦੇ ਸ਼ਹਿਰ ਜੀਲੌਂਗ ਦੀ ਅਖ਼ਬਾਰ ‘ਜੀਲੌਂਗ ਐਡਵਰਟਾਇਜ਼ਰ’ ਵਿੱਚ ਕਿਹਾ ਗਿਆ ਹੈ ਕਿ ਮੈਲਬੌਰਨ ਐਵਾਲੋਨ ਏਅਰਪੋਰਟ ਤੋਂ ਏਅਰ ਏਸ਼ੀਆ ਐਕਸ ਦੀ ਉਡਾਣ ਜੋ ਕਿ ਬਰਾਸਤਾ ਕੁਆਲਾਲੰਪੂਰ, ਅ੍ਰੰਮਿਤਸਰ ਦੀਆਂ ਸਵਾਰੀਆਂ ਲੈ ਕੇ ਅੱਗੇ ਜਾਂਦੀ ਹੈ,ਦੀ ਗਿਣਤੀ ਸਭ ਤੋਂ ਵੱਧ ਹੈ। ਥਾਈਲੈਂਡ ਦਾ ਫੁਕੇਟ ਦੂਜੇ, ਭਾਰਤ ਦਾ ਕੋਚੀ ਤੀਸਰੇ, ਮਲੇਸ਼ੀਆ ਤੋਂ ਪੈਨਾਂਗ ਚੌਥੇ ਤੇ ਬੈਂਕਾਕ ਪੰਜਵੇ ਨੰਬਰ 'ਤੇ ਹਨ।
ਏਅਰ ਏਸ਼ੀਆ ਐਕਸ ਹੀ ਕੇਵਲ ਇਕੋ ਇੱਕ ਅੰਤਰ ਰਾਸ਼ਟਰੀ ਏਅਰਲਾਇਨ ਹੈ ਜੋ ਦਸੰਬਰ 2018 ਤੋਂ ਮੈਲਬੌਰਨ ਦੇ ਐਵਲੋਨ ਏਅਰਪੋਰਟ ਤੋਂ ਰੋਜ਼ਾਨਾ ਦੋ ਉਡਾਣਾਂ ਕੁਆਲਾਲੰਪੂਰ ਨੂੰ ਚਲਾ ਰਹੀ ਹੈ। ਐਵਲੋਨ ਏਅਰਪੋਰਟ ਦੇ ਸੀ.ਈ.ਓ. ਜਸਟਿਨ ਗਿਡਿੰਗਜ਼ ਦਾ ਕਹਿਣਾ ਹੈ ਕਿ ਭਾਰਤ ਦੀ ਮਾਰਕੀਟ ਟੂਰਿਸਟਾਂ ਨੂੰ ਬਹੁਤ ਮੌਕਾ ਦੇ ਰਹੀ ਹੈ । ਉਨ੍ਹਾਂ ਇਸ ਗੱਲ ਦੀ ਹੈਰਾਨੀ ਪ੍ਰਗਟ ਕੀਤੀ ਕਿ ਚੀਨ ਦਾ ਏਅਰਪੋਰਟ ਪਹਿਲੇ ਪੰਜ ਸਥਾਨਾਂ ਵਿੱਚ ਵਿੱਚ ਨਹੀਂ ਹੈ। ਇਸ ਰਿਪੋਰਟ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਅ੍ਰੰਮਿਤਸਰ ਦੀ ਮਹੱਤਤਾ ਨੂੰ ਵਿਸਥਾਰ ਨਾਲ ਖ਼ਬਰ ਵਿਚ ਪ੍ਰਕਾਸ਼ਿਤ ਕੀਤਾ ਹੈ।
ਸਮੀਪ ਸਿੰਘ ਗੁਮਟਾਲਾ ਨੇ ਦਾਅਵਾ ਕੀਤਾ ਹੈ ਕਿ ਇਹ ਫਲਾਈ ਇਨੀਸ਼ੀਏਟਿਵ ਦੀ ਮੁਹਿੰਮ ਦਾ ਹੀ ਨਤੀਜਾ ਹੈ ਕਿ ਇਸ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਉਡਾਣ ਸ਼ੁਰੂ ਕੀਤੀ ਹੈ। ਸਤੰਬਰ 2017 ਵਿੱਚ ਜਦ ਇਸ ਹਵਾਈ ਕੰਪਨੀ ਪਾਸ ਪਹੁੰਚ ਕੀਤੀ ਗਈ ਤਾਂ ਉਸ ਸਮੇਂ ਇਸ ਗੱਲ ਦੀ ਚਿੰਤਾ ਸੀ ਕਿ ਮਲਿੰਡੋ ਏਅਰਲਾਈਨ ਵੱਲੋਂ ਅ੍ਰੰਮਿਤਸਰ ਤੋਂ ਕੁਆਲਾਲੰਪੂਰ ਦੇ ਚਲਦਿਆਂ ਏਅਰ ਏਸ਼ੀਆ ਦਾ 377 ਸੀਟਾਂ ਵਾਲਾ ਜਹਾਜ਼ ਕਿਵੇਂ ਭਰੇਗਾ।
ਉਨ੍ਹਾਂ ਵੱਲੋਂ ਏਅਰ ਲਾਇਨ ਨੂੰ ਵਿਸਵਾਸ਼ ਦਵਾਇਆ ਗਿਆ ਸੀ ਕਿ ਆਸਟਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਅ੍ਰੰਮਿਤਸਰ ਤੋਂ ਸਿੱਧੀ ਉਡਾਣ ਨੂੰ ਪਸੰਦ ਕਰਨਗੇ। ਏਅਰ ਏਸ਼ੀਆਂ ਐਕਸ ਦੀਆਂ ਮਲੇਸ਼ੀਆਂ ਤੋਂ 140 ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿੰਗਾਪੁਰ ਦੀ ਸਕੂਟ ਤੇ ਮਲੇਸ਼ੀਆਂ ਦੀ ਮਲਿੰਡੋ ਅਸਟਰੇਲੀਆ, ਨਿਉਜ਼ੀਲੈਂਡ, ਮਲੇਸ਼ੀਆ ਆਦਿ ਦੇ ਦੇਸ਼ਾਂ ਨੂੰ ਉਡਾਣਾਂ ਭਰਦੀਆਂ ਹਨ। ਇਨ੍ਹਾਂ ਦੀਆਂ ਟਿਕਟਾਂ ਵੀ ਸਸਤੀਆਂ ਹਨ ਤੇ ਅਸਟਰੇਲੀਆ ਦੇ ਪ੍ਰਸਿੱਧ ਸ਼ਹਿਰਾਂ ਜਿਵੇਂ ਕਿ ਸਿਡਨੀ, ਪਰਥ, ਗੋਲਡ ਕੋਸਟ, ਬ੍ਰਿਸਬੇਨ, ਐਡੀਲੇਡ ਆਦਿ ਨੂੰ ਪੁੱਜਣ ਵਿੱਚ ਕੇਵਲ 14 ਤੋਂ 17 ਘੰਟੇ ਲੱਗਦੇ ਹਨ। ਦਿੱਲੀ ਹਵਾਈ ਅੱਡੇ ਦੀ ਖ਼ਜ਼ਲ ਖੁਆਰੀ ਤੋਂ ਵੀ ਬਚਿਆ ਜਾਂਦਾ ਹੈ।
ਭਾਰਤ ਵਿੱਚ ਇਨੀਸ਼ੀਏਟਿਵ ਦੇ ਕਨਵੀਨਰ ਤੇ ਅ੍ਰੰਮਿਤਸਰ ਵਿਕਾਸ ਮੰਚ ਦੇ ਸਕੱਤਰ ਸ੍ਰੀ ਯੋਗੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅ੍ਰੰਮਿਤਸਰ ਹਵਾਈ ਅੱਡੇ ਤੋਂ ਵਿਦੇਸ਼ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਹਨ। ਫਲਾਈ ਅ੍ਰੰਮਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਸ. ਅਨੰਤਦੀਪ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਇਟਲੀ ,ਲੰਡਨ ,ਇੰਗਲੈਂਡ, ਜਰਮਨ ਆਦਿ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਪਰ ਏਅਰ ਇੰਡੀਆ ਜਾਂ ਹੋਰਨਾਂ ਭਾਰਤੀ ਹਵਾਈ ਕੰਪਨੀਆਂ ਵੱਲੋਂ ਇਨ੍ਹਾਂ ਦੇਸ਼ਾਂ ਨੂੰ ਅ੍ਰੰਮਿਤਸਰ ਤੋਂ ਸਿੱਧੀਆਂ ਉਡਾਣਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ? ਉਹਨਾਂ ਨੇ ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰ ਅਪੀਲ ਕੀਤੀ ਹੈ ਕਿ ਓਮਾਨ, ਤੁਰਕੀ, ਬਹਿਰੀਨ, ਯੂ ਏ ਈ ਤੋਂ ਇਲਾਵਾ ਮੱਧ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਇਲਾਵਾ ਯੂਰਪ ਦੀਆਂ ਕਈ ਹਵਾਈ ਕੰਪਨੀਆਂ ਅ੍ਰੰਮਿਤਸਰ ਨੂੰ ਸਿੱਧੀਆਂ ਉਡਾਣਾ ਸ਼ੁਰੂ ਹੋਣ।