ਅੰਮ੍ਰਿਤਸਰ : ਪਿਛਲੇ ਦਿਨੀਂ ਅਜਨਾਲਾ ਤੋਂ ਇੱਕ ਸਿੱਖ ਨੌਜਵਾਨ ਨੂੰ ਅਗਵਾ ਕਰ ਕੇ ਜੰਡਿਆਲਾ ਗੁਰੂ ਨਜ਼ਦੀਕ ਲਿਜਾ ਕੇ ਕੁੱਟਮਾਰ ਕਰਨ ਦੇ ਇਲਜ਼ਾਮਾਂ ਦੇ ਚੱਲਦੇ ਅਜਨਾਲਾ ਪੁਲਿਸ ਵੱਲੋਂ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 18 ਫਰਵਰੀ ਦੀ ਸਵੇਰ ਨੂੰ ਅਜਨਾਲਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਇਕ ਸਿੰਘ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਤੇ ਸੰਧੂ ਨੂੰ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ, ਜਿਸ ਨੂੰ ਕਿ ਦੇਰ ਰਾਤ ਅਜਨਾਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਕ ਦਿਨ ਦਾ ਰਿਮਾਂਡ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜਨਾਲਾ ਦੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਅਗਵਾ ਕਰ ਕੇ ਉਸ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਕਿ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਹੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਸ ਨੂੰ ਹੁਣ ਦੇਰ ਰਾਤ ਅਜਨਾਲਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ। ਮਾਣਯੋਗ ਅਦਾਲਤ ਵੱਲੋਂ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਪੁਲਿਸ ਇਸ ਮਾਮਲੇ ਵਿੱਚ ਹੋਰ ਬਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : Demand For Arrest of Amritpal Singh: ਅੰਮ੍ਰਿਤਪਾਲ ਸਿੰਘ ਨੇ ਅਗਲੀ ਰਣਨੀਤੀ ਲਈ ਕੀਤਾ ਭਾਰੀ ਇਕੱਠ, ਹੋ ਸਕਦਾ ਵੱਡਾ ਫੈਸਲਾ!
ਅੰਮ੍ਰਿਤਪਾਲ ਦੀ ਪੁਲਿਸ ਨੂੰ ਚੁਣੌਤੀ : ਸਾਥੀਆਂ ਦੀ ਹੋਈ ਗ੍ਰਿਫਤਾਰੀ ਮਗਰੋਂ ਅੰਮ੍ਰਿਪਾਲ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਰਾਹੀਂ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ ਤੇ ਕਿਹਾ ਕਿ ਪੁਲਿਸ ਸਾਡੇ ਸਾਥੀਆਂ ਨੂੰ ਜਾਣਬੁੱਝ ਕੇ ਤੰਗ ਕਰ ਰਹੀ ਹੈ। ਪੁਲਿਸ ਬਾਰ-ਬਾਰ ਸਾਡੇ ਰਾਹ ਵਿਚ ਆਉਂਦੀ ਹੈ, ਪੁਲਿਸ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਜਾ ਚੁੱਕਾ ਹੈ, ਜੇਕਰ ਪੁਲਿਸ ਨੇ ਇਸੇ ਤਰ੍ਹਾਂ ਹੀ ਕਾਰਵਾਈ ਕਰਨੀ ਹੈ ਤਾਂ ਇਕ ਵਾਰ ਇਕੱਠੇ ਹੋ ਕੇ ਦੇਖ ਲੈਣ, ਭੱਜਦਿਆਂ ਨੂੰ ਵਾਹਣ ਇਕੋ ਜਹੇ ਹੁੰਦੇ ਨੇ।