ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਘਨੂਪੁਰ ਕਾਲੇ ਵਿੱਚ ਪੰਚਾਇਤੀ ਜ਼ਮੀਨ 'ਤੇ ਬਣ ਰਹੇ ਇੱਕ ਘਰ ਨੂੰ ਨਗਰ ਨਿਗਮ ਵੱਲੋਂ ਇੱਕ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਢਾਹੁਣ ਲਈ ਕਾਰਵਾਈ ਕੀਤੀ ਗਈ, ਜਿਸ ਦਾ ਮੌਕੇ 'ਤੇ ਘਰ ਬਣਾ ਰਹੇ ਲੋਕਾਂ ਨੇ ਭਰਵਾਂ ਵਿਰੋਧ ਕੀਤਾ। ਅਖ਼ੀਰ ਨਿਗਮ ਵੱਲੋਂ ਡਿਪਟੀ ਮੇਅਰ ਰਮਨ ਬਖ਼ਸ਼ੀ ਦੀ ਦਖਲਅੰਦਾਜ਼ੀ ਤੋਂ ਬਾਅਦ ਕਾਰਵਾਈ ਨੂੰ ਰੋਕ ਦਿੱਤਾ ਗਿਆ, ਜਿਸ ਨੂੰ ਲੈ ਕੇ ਸ਼ਿਕਾਇਤਕਰਤਾ ਜੈਮਲ ਸਿੰਘ ਅਤੇ ਅਕਾਲੀ ਆਗੂ ਹਰਜਿੰਦਰ ਸਿੰਘ ਨੇ ਇਸ ਨੂੰ ਕਾਂਗਰਸ ਦੇ ਡਿਪਟੀ ਮੇਅਰ ਵੱਲੋਂ ਲੈਂਡ ਮਾਫੀਆ ਨਾਲ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਦੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ।
ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਪਿੰਡ ਵਾਸੀ ਜੈਮਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਕੁੱਝ ਲੋਕਾਂ ਵੱਲੋਂ ਪੰਚਾਇਤ ਦੀ 6 ਕਨਾਲ ਜ਼ਮੀਨ, ਜਿਸਦਾ ਖਸਰਾ ਨੰਬਰ 110 ਹੈ, 'ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਉਨ੍ਹਾਂ ਨੇ ਨਿਗਮ ਨੂੰ ਸ਼ਿਕਾਇਤ ਕੀਤੀ। ਨਿਗਮ ਵੱਲੋਂ ਕਾਰਵਾਈ ਕਰਦਿਆਂ ਬਣ ਰਹੀ ਬਿਲਡਿੰਗ ਨੂੰ ਤੋੜਿਆ ਵੀ ਗਿਆ, ਪਰ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਇਸ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਬਜ਼ਾਕਾਰਾਂ ਨੂੰ ਡਿਪਟੀ ਮੇਅਰ ਅਤੇ ਕਾਂਗਰਸੀ ਆਗੂ ਪੱਪੂ ਆਂਡਾ ਦੇ ਨਾਲ ਵਿਧਾਇਕ ਦੀ ਵੀ ਸ਼ਹਿ ਪ੍ਰਾਪਤ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਸਦੀ ਜ਼ਮੀਨ ਦੇ ਨਾਲ ਲਗਦੇ ਸਰਕਾਰੀ ਰਸਤੇ 'ਤੇ ਵੀ ਕਬਜ਼ਾ ਕੀਤਾ ਜਾ ਰਿਹਾ ਹੈ, ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ਿਕਾਇਤਕਰਤਾ ਨੇ ਕਿਹਾ ਕਿ ਕਈ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਹੋ ਰਹੀ ਸੀ, ਜਿਸ ਨੂੰ ਵੀ ਡਿਪਟੀ ਮੇਅਰ ਨੇ ਰੁਕਵਾ ਦਿੱਤਾ ਹੈ।
ਇਸ ਮੌਕੇ ਅਕਾਲੀ ਆਗੂ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਇਥੇ ਪਿੰਡ ਦੀ ਕਰੋੜਾਂ ਰੁਪਏ ਦੀ ਜ਼ਮੀਨ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਵਿਰੁੱਧ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਨੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਵਿਰੁੱਧ ਕੋਈ ਠੋਸ ਕਦਮ ਚੁੱਕਿਆ ਤਾਂ ਠੀਕ ਹੈ ਨਹੀਂ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਦਖਲ ਲਈ ਚਿੱਠੀ ਲਿਖਣਗੇ।
ਉਧਰ, ਮਾਮਲੇ ਸਬੰਧੀ ਡਿਪਟੀ ਮੇਅਰ ਰਮਨ ਬਖ਼ਸ਼ੀ ਦਾ ਕਹਿਣਾ ਸੀ ਕਿ ਪਿੰਡ ਵਿੱਚ ਕੋਈ ਕਬਜ਼ਾ ਨਹੀਂ ਕੀਤਾ ਜਾ ਰਿਹਾ ਸੀ ਅਤੇ ਨਿਗਮ ਘਰ ਢਾਹੁਣ ਨਹੀਂ ਗਈ ਸੀ ਸਗੋਂ ਉਸਾਰੀ ਰੋਕਣ ਲਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਲੋਕ ਇਸ ਸਰਕਾਰੀ ਜ਼ਮੀਨ 'ਤੇ 40 ਸਾਲਾਂ ਤੋਂ ਉਥੇ ਰਹਿ ਰਹੇ ਹਨ ਅਤੇ ਹੁਣ ਨਵਾਂ ਘਰ ਬਣਾ ਰਹੇ ਸਨ। ਨਿਗਮ ਨੇ ਵੀ ਇਸ ਸਬੰਧੀ ਜਾਂਚ ਪੜਤਾਲ ਕਰਕੇ ਪਾਇਆ ਹੈ ਕਿ ਇਹ ਪੁਰਾਣਾ ਕਬਜ਼ਾ ਹੈ।