ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਦੀ ਝੂਠੀਆਂ ਰਿਪੋਰਟਾਂ ਬਣਾਉਣ ਦੇ ਮਾਮਲੇ ਦੀ ਕਿਸੇ ਕੇਂਦਰੀ ਏਜੰਸੀ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਸੂਬੇ ਦੇ ਮੁੱਖ ਸਕੱਤਰ ਵੱਲੋਂ ਵਿਜੀਲੈਂਸ ਵਿਭਾਗ ਤੋਂ ਇਹ ਜਾਂਚ ਵਾਪਸ ਲੈ ਕੇ ਮੁੜ ਅੰਮ੍ਰਿਤਸਰ ਪੁਲਿਸ ਹਵਾਲੇ ਕੀਤੇ ਜਾਣ ਨੇ ਕਾਂਗਰਸ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਭੰਗ ਕਰ ਦਿੱਤਾ ਹੈ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਸੀਆਂ ਵੱਲੋਂ ਤੁਲੀ ਡਾਇਗਨੋਸਟਿਸ ਸੈਂਟਰ ਤੇ ਈ ਐਮ ਸੀ ਹਸਪਤਾਲ, ਜਿਨ੍ਹਾਂ ਨੇ ਕੋਰੋਨਾ ਨੈਗੇਟਿਵ ਮਰੀਜ਼ਾਂ ਨੂੰ ਪੌਜ਼ੀਟਿਵ ਐਲਾਨਿਆ, ਨੂੰ ਬਚਾਉਣ ਲਈ ਰਲ਼ ਮਿਲ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਜ਼ੀਟਿਵ ਐਲਾਨੇ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਿਚ ਰੱਖਿਆ ਗਿਆ ਜਿਸਦਾ ਮਕਸਦ ਉਹਨਾਂ ਤੋਂ ਲੱਖਾਂ ਰੁਪਏ ਉਗਰਾਹੁਣਾ ਸੀ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੂੰ ਮਾਮਲੇ ਦੀ ਜਾਂਚ ਇਸ ਕਰ ਕੇ ਸੌਂਪੀ ਗਈ ਸੀ ਕਿਉਂਕਿ ਅੰਮ੍ਰਿਤਸਰ ਪੁਲਿਸ ਸਿਆਸੀ ਦਬਾਅ ਕਾਰਨ ਕੇਸ ਵਿਚ ਅੱਗੇ ਨਹੀਂ ਵੱਧ ਪਾਈ ਸੀ। ਉਨ੍ਹਾਂ ਕਿਹਾ ਕਿ ਤੁਲੀ ਡਾਇਗਨੋਸਟਿਯ ਸੈਂਟਰ ਅਤੇ ਇਸ ਨਾਲ ਜੁੜੇ ਦੋ ਟੈਕਨੀਸ਼ੀਅਨਾਂ ਦੇ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਮਾਲਕ ਤੇ ਈ ਐਮ ਸੀ ਹਸਪਤਾਲ ਦੇ ਡਾਕਟਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਨੂੰ ਉਸ ਦੇ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਣ ਦੀ ਥਾਂ ਇਸ ਨੂੰ ਖ਼ੁਰਦ ਬੁਰਦ ਕਰਨ ਤੇ ਦੋਸ਼ੀਆਂ ਨੂੰ ਕਲੀਨ ਚਿੱਟ ਦੇਣ ਦੇ ਯਤਨ ਸ਼ੁਰ ਹੋ ਗਏ ਹਨ। ਅਜਿਹਾ ਉਨ੍ਹਾਂ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਦੇ ਮਾਲਕਾਂ ਨੂੰ ਸਿਆਸੀ ਸ਼ਰਣ ਦਿੱਤੀ ਹੈ ਤੇ ਹੁਣ ਤੱਕ ਕੇਸ ਵਿਚ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਣ ਦਿੱਤੀ।
ਮਜੀਠੀਆ ਨੇ ਕਿਹਾ ਕਿ ਕੇਸ ਵਿਚ ਵਾਪਸੀ ਮੋੜਾ ਇਸ ਕਰਕੇ ਹੋਇਆ ਹੈ ਕਿ ਈ ਐਮ ਸੀ ਹਸਪਤਾਲ ਦੇ ਮਾਲਕ ਪੰਕਜ ਸੋਨੀ ਨੇ ਦੋ ਦਿਨ ਪਹਿਲਾਂ ਉਚ ਪੱਧਰੀ ਅਫ਼ਸਰਾਂ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਓ ਐਸ ਡੀ ਸੰਦੀਪ ਬਾਵਾ ਸੰਧੂ ਨੇ ਇਸ ਜਾਂਚ ਨੂੰ ਮੋੜਾ ਪਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ ਤੇ ਤੁਲੀ ਲੈਬਾਰਟਰੀ ਲਈ ਸੇਲਜ਼ ਪਰਸਨ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਤੋਂ ਮਾਮਲੇ ਵਿਚ ਦਖਲ ਮੰਗਦਿਆਂ ਮਜੀਠੀਆ ਨੇ ਕਿਹਾ ਕਿ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਵੱਲੋਂ ਮਾਸੂਮ ਮਰੀਜ਼ਾਂ ਨੂੰ ਪਰੇਸ਼ਾਨ ਕਰਨ ਦਾ ਅੰਦਾਜ਼ਾ ਲਾਇਆ ਵੀ ਨਹੀਂ ਜਾ ਸਕਦਾ ਤੇ ਇਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਛੱਡਿਆ ਨਹੀਂ ਜਾਣਾ ਚਾਹੀਦਾ।