ਅੰਮ੍ਰਿਤਸਰ: ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅੰਮ੍ਰਿਤਸਰ ਵਿਖੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬ੍ਰਹਮਪੁਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਾਰਟੀ ਦਾ ਸਬ-ਦਫ਼ਤਰ ਚੰਡੀਗੜ੍ਹ ਵਿਖੇ ਵੀ ਖੋਲਿਆ ਜਾਵੇਗਾ।
ਇਸ ਕਾਨਫਰੰਸ ਦੌਰਾਨ ਬ੍ਰਹਮਪੁਰਾ ਨੇ UAPA ਦੇ ਕਾਲੇ ਕਾਨੂੰਨ ਦੇ ਤਹਿਤ ਨੌਜਵਾਨਾਂ ਉੱਤੇ ਹੋ ਰਹੇ ਤਸ਼ੱਦਦ ਨੂੰ ਮੰਦਭਾਗਾ ਦੱਸਿਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਉੱਤੇ ਤਸ਼ੱਦਦ ਨੂੰ ਬੰਦ ਕੀਤਾ ਜਾਵੇ। ਬੇਅਦਬੀ ਕਾਂਡ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਬਾਦਲ ਦੀ ਸਿਰਸੇ ਵਾਲੇ ਨਾਲ ਪੂਰੀ ਸਾਂਝ ਹੈ, ਕਿਉਂਕਿ ਉਹ ਉਸ ਤੋਂ ਵੋਟਾਂ ਵਟੋਰਨਾ ਚਾਹੁੰਦੇ ਹਨ।
ਉੱਥੇ ਹੀ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ਼ੇਰ-ਏ-ਪੰਜਾਬ ਨੂੰ ਵੀ ਅਕਾਲ ਤਖ਼ਤ ਸਾਹਿਬ ਤੋਂ ਕੋਹੜਿਆਂ ਦੀ ਸਜ਼ਾ ਮਿਲੀ ਸੀ। ਉੱਥੇ ਹੀ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਲੈ ਕੇ ਬ੍ਰਹਮਪੁਰਾ ਨੇ ਕਿਹਾ ਕਿ ਜਿਨ੍ਹਾਂ ਚਿਰ ਪੰਜਾਬ ਵਿੱਚ ਕੋਰੋਨਾ ਦੇ ਚਲਦਿਆਂ ਸਾਰਿਆਂ ਦਾ ਟੈਸਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲ ਸਕਦਾ।
ਬ੍ਰਹਮਪੁਰਾ ਨੇ ਢੀਂਡਸਾ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨਾਲ ਕਦੇ ਵੀ ਪਾਰਟੀ ਏਕਤਾ ਬਾਰੇ ਗੱਲ ਨਹੀਂ ਕੀਤੀ ਜਾਵੇਗੀ, ਕਿਉਂਕਿ ਉਹ ਔਖੇ ਵੇਲੇ ਤਾਂ ਮੈਨੂੰ ਛੱਡ ਕੇ ਭੱਜ ਗਏ ਅਤੇ ਆਪਣੀ ਅਲੱਗ ਤੋਂ ਪਾਰਟੀ ਬਣਾ ਲਈ। ਕਿਸਾਨ ਮਾਰੂ ਆਰਡੀਨੈਂਸ ਬਾਰੇ ਪਾਰਲੀਮੈਂਟ ਵਿੱਚ ਲਏ ਫ਼ੈਸਲੇ ਉੱਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਦਸਤਖ਼ਤ ਕਰ ਕਿਸਾਨਾਂ ਉੱਤੇ ਜ਼ੁਲਮ ਕੀਤਾ ਹੈ, ਉਸ ਨੂੰ ਵਾਪਿਸ ਲਿਆ ਜਾਵੇ।
ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਬਾਰੇ ਬ੍ਰਹਮਪੁਰਾ ਨੇ ਕਿਹਾ ਕਿ ਜੇ ਕਾਂਗਰਸ ਛੱਡ ਕੇ ਆਉਣਾ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਆਪ ਚੱਕ ਕੇ ਲੈ ਕੇ ਆਵਾਂਗੇ। ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਬਾਦਲ ਵੱਲੋਂ ਅੱਗੇ ਪਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਉਹ ਚੋਣ ਹਾਰ ਗਏ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਹੱਥੋਂ ਨਿਕਲ ਜਾਵੇਗੀ।