ਅੰਮ੍ਰਿਤਸਰ: ਅਜਨਾਲਾ ਅਧੀਨ ਪੈਂਦੇ ਪਿੰਡ ਖੁਸ਼ੂਪੁਰਾ 'ਚ ਇੱਕ ਨੌਜਵਾਨ ਕਿਸਾਨ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਕਿਸਾਨ ਨੇ ਇਹ ਖੁਦਕੁਸ਼ੀ ਕੋਈ ਜ਼ਹਿਰਲੀ ਚੀਜ਼ ਖਾ ਕੇ ਕੀਤੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਬਲਜੀਤ ਸਿੰਘ ਤੇ ਉਮਰ 34 ਸਾਲ ਸੀ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਨੇ ਪਸ਼ੂ ਖਰੀਦਣ ਲਈ ਬੈਂਕ ਤੋਂ ਕਰਜ਼ਾ ਲਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਪਸ਼ੂਆਂ ਦੀ ਮੌਤ ਹੋ ਗਈ ਜਿਸ ਕਾਰਨ ਬਲਜੀਤ ਨੂੰ ਪਸ਼ੂ ਖੇਤੀ ਤੋਂ ਕੁਝ ਜ਼ਿਆਦਾ ਫ਼ਾਇਦਾ ਨਹੀਂ ਮਿਲਿਆ। ਫਿਰ ਬਲਜੀਤ ਨੇ ਬੈਂਕ ਦਾ ਕਰਜ਼ਾ ਲਾਉਣ ਲਈ ਨਿੱਜੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਨਿੱਜੀ ਨੌਕਰੀ ਕਰ ਹੀ ਰਿਹਾ ਸੀ ਕਿ ਅਚਾਨਕ ਹੀ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਸਰਕਾਰ ਨੇ ਲੌਕਡਾਊਨ ਕਰ ਦਿੱਤਾ। ਲੌਕਡਾਊਨ ਹੋਣ ਨਾਲ ਕੰਪਨੀ ਨੇ ਬਲਜੀਤ ਨੂੰ ਤਨਖਾਹ ਨਹੀਂ ਦਿੱਤੀ ਜਿਸ ਕਾਰਨ ਉਹ ਕਾਫੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਬਲਜੀਤ ਨੇ ਉਨ੍ਹਾਂ ਨੂੰ ਕਈ ਵਾਰ ਇਹ ਗੱਲ ਕਹਿ ਸੀ ਕਿ ਉਸ ਤੋਂ ਕਰਜ਼ਾ ਨਹੀਂ ਲਾਇਆ ਜਾਣਾ ਪਰ ਉਨ੍ਹਾਂ ਨੇ ਇਸ ਗੱਲ 'ਤੇ ਗੌਰ ਨਹੀਂ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ 1 ਮੁੰਡਾ ਤੇ 1 ਕੁੜੀ ਹੈ। ਜੋ ਕਿ ਅਜੇ ਪੜਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਤੋਂ ਬੈਂਕ ਦਾ ਕਰਜ਼ਾ ਮੋੜਿਆ ਨਹੀਂ ਜਾਣਾ ਇਸ ਲਈ ਉਨ੍ਹਾਂ ਦੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਰਜ਼ੇ ਕਾਰਨ ਤਣਾਅ 'ਚ ਰਹਿੰਦਾ ਸੀ ਜਿਸ ਕਾਰਨ ਉਸ ਨੇ ਜ਼ਹਿਰਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਕੈਬਿਨੇਟ ਦੀ ਬੈਠਕ ਅੱਜ, ਦੁਪਹਿਰ 3.30 ਵਜੇ ਹੋਵੇਗੀ ਮੀਟਿੰਗ