ਅੰਮ੍ਰਿਤਸਰ : ਜਲੰਧਰ ਦੇ ਲਤੀਫਪੁਰਾ ਵਰਗੇ ਹਾਲਾਤ ਸ਼ਹਿਰ ਦੀ ਇੰਦਰਾ ਕਾਲੌਨੀ ਦੇ ਵਾਰਡ ਨੰਬਰ 68 ਵਿੱਚ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਇਥੇ ਵਕਫ਼ ਬੋਰਡ ਵਲੋਂ ਕਾਰਵਾਈ ਕਰਨ ਤੋਂ ਪਹਿਲਾਂ ਹੀ ਲੋਕਾਂ ਵਲੋਂ ਧਰਨਾ ਲਾ ਦਿੱਤਾ ਗਿਆ। ਪਰ ਮੌਕੇ ਉੱਤੇ ਪਹੁੰਚੀ ਪੁਲਿਸ ਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਨਹੀਂ ਕੀਤੀ ਜਾਵੇਗਾ।
ਜਾਣਕਾਰੀ ਮੁਤਾਬਿਕ ਜਲੰਧਰ ਦੇ ਲਤੀਫਪੁਰ ਵਿੱਚ ਲੋਕਾਂ ਦੇ ਘਰ ਢਾਹੇ ਜਾਣ ਤੋਂ ਬਾਅਦ ਤਕਰੀਬਨ ਸਾਰੀਆਂ ਹੀ ਕਾਲੌਨੀਆਂ ਦੇ ਬਾਸ਼ਿੰਦਿਆਂ ਵਿਚ ਖੌਫ ਹੈ। ਹੁਣ ਅੰਮ੍ਰਿਤਸਰ ਦੇ 850 ਪਰਿਵਾਰਾਂ ਨੂੰ ਆਪਣੇ ਉਜੜਣ ਦਾ ਖਦਸ਼ਾ ਹੈ। ਇਸ ਕੜੀ ਵਿੱਚ ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ 850 ਤੋਂ ਵਧੇਰੇ ਪਰਿਵਾਰਾਂ ਉੱਤੇ ਵਕਫ ਬੋਰਡ ਵਲੋ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿਚ ਲੋਕਾ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕੌਂਸਲਰ ਤਾਹਿਰ ਸ਼ਾਹ, ਸਮਾਜ ਸੇਵਕ ਸਲੀਮ ਪਹਿਲਵਾਨ, ਅਤੇ ਆਪ ਆਗੂ ਵਰਿੰਦਰ ਸਹਿਦੇਵ ਵਲੋਂ ਇਲਾਕਾ ਨਿਵਾਸੀਆਂ ਨਾਲ ਰੋਡ ਜਾਮ ਕੀਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਵਕਫ ਬੋਰਡ ਦੀ ਟੀਮ ਲੋਕਾਂ ਦੇ ਰੋਹ ਦੇਖ ਕੇ ਵਾਪਸ ਮੁੜ ਗਈ। ਫਿਲਹਾਲ ਵਕਫ਼ ਬੋਰਡ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨ ਨੇ ਲਗਾਤਾਰ 120 ਘੰਟੇ ਵਜਾਇਆ ਤਬਲਾ, ਇੰਡੀਅਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਨਾਂ
ਪੁਲੀਸ ਪ੍ਰਸ਼ਾਸਨ ਵਲੋਂ ਭਰੋਸਾ ਦੇਣ ਉੱਤੇ ਇਲਾਕਾ ਨਿਵਾਸੀਆ ਵਲੋਂ ਧਰਨਾ ਚੁੱਕਿਆ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਕੌਂਸਲਰ ਤਾਹਿਰ ਸ਼ਾਹ, ਆਪ ਆਗੂ ਵਰਿੰਦਰ ਸਹਿਦੇਵ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਦੇਸ਼ ਆਜ਼ਾਦ ਹੌਣ ਤੋਂ ਬਾਅਦ ਇੱਥੇ ਹੀ ਰਹਿ ਰਹੇ ਹਨ। ਉਹਨਾਂ ਦੀ ਤੀਸਰੀ ਪੀੜੀ ਇੱਥੇ ਵਸ ਰਹੀ ਹੈ ਪਰ ਵਕਫ਼ ਬੋਰਡ ਵਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਬੇਘਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਪਾਸੇ ਸਰਕਾਰ ਵਲੋਂ ਲੋਕਾਂ ਨੂੰ ਸਹਾਰਾ ਅਤੇ ਘਰ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਅੱਜ ਮੁੜ ਤੋਂ ਸਾਡੇ ਉਪਰ ਲਤੀਫਪੁਰ ਵਾਂਗ ਕਾਰਵਾਈ ਕਰਨ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਵਸ ਦੇ ਘਰਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਕਾਰਵਾਈ ਨਾ ਕੀਤੀ ਜਾਵੇ, ਜਿਸ ਕਾਰਨ ਉਨ੍ਹਾਂ ਨੂੰ ਬੇਘਰ ਹੋਣਾ ਪਵੇ।