ਅੰਮਿਤਸਰ: ਫਰਵਰੀ 2023 ਦੇ ਵਿੱਚ ਕੁੱਝ ਪਾਕਿਸਤਾਨੀ ਹਿੰਦੂ ਸਿੰਧੀ ਭਾਈਚਾਰੇ ਦੇ ਲੋਕ ਭਾਰਤ ਦੇ ਵਿੱਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਵੀਜ਼ਾ ਲਗਵਾਕੇ ਅਟਾਰੀ ਵਾਹਘਾ ਸਰਹੱਦ ਦੇ ਰਸਤੇ ਭਾਰਤ ਵਿੱਚ ਦਾਖਲ ਹੋਏ ਸਨ। ਇਹ ਲੋਕ ਹਰਿਦੁਆਰ ਅਤੇ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਭਾਰਤ ਆਏ ਸਨ। ਇਨ੍ਹਾਂ ਹਿੰਦੂ ਪਰਿਵਾਰਾਂ ਦਾ ਭਾਰਤ ਘੁੰਮਣ ਲਈ 25 ਦਿਨ ਦਾ ਵੀਜ਼ਾ ਲੱਗਿਆ ਸੀ, ਪਰ ਇਹ ਲੋਕ ਤੀਰਥ ਸਥਾਨਾਂ 'ਤੇ ਜਾਣ ਦੀ ਜਗ੍ਹਾ ਰਾਜਸਥਾਨ ਦੇ ਜੋਧਪੁਰ ਇਲਾਕੇ ਵਿੱਚ ਚਲੇ ਗਏ ਅਤੇ ਉਥੇ ਕੰਮਕਾਜ ਕਰਨ ਲੱਗ ਪਏ।
ਵੀਜੇ ਦਾ ਸਮਾਂ ਖ਼ਤਮ ਹੋਣ ਕਾਰਨ ਨਹੀਂ ਜਾ ਸਕੇ ਵਾਪਸ: ਜਿਸ 'ਚ ਪਤਾ ਲੱਗਾ ਹੈ ਕਿ ਇਹ ਲੋਕ ਪੱਕੇ ਤੌਰ 'ਤੇ ਭਾਰਤ ਵਿੱਚ ਰਹਿਣ ਲਈ ਆਏ ਸਨ। ਇਹ 28 ਦੇ ਕਰੀਬ ਹਿੰਦੂ ਪਰਿਵਾਰ ਤੇ ਇਨ੍ਹਾਂ ਦੇ ਕੁੱਝ ਪਰਿਵਾਰਕ ਮੈਂਬਰ ਹੁਣ ਪਕਿਸਤਾਨ ਦੇ ਹੋਣ ਕਰਕੇ ਵਾਪਸ ਪਾਕਿਸਤਾਨ ਜਾਣ ਲੱਗੇ ਤਾਂ ਸਰਕਾਰ ਵਲੋਂ ਹਿੰਦੂ ਸ਼ਰਧਾਲੂਆਂ ਨੂੰ ਦਿੱਤੇ ਗਏ ਵੀਜੇ ਦਾ ਸਮਾਂ ਖ਼ਤਮ ਹੋਣ ਕਰਕੇ ਦੋਸ਼ ਹੇਠ ਮੈਂਬਰਾਂ ਨੂੰ ਉਨ੍ਹਾਂ ਦੇ ਵਤਨ ਜਾਣ ਤੋਂ ਰੋਕ ਲਿਆ ਗਿਆ ਹੈ।
ਖੁੱਲ੍ਹੇ ਅਸਮਾਨ ਹੇਠ ਕੱਟ ਰਹੇ ਦਿਨ ਤੇ ਰਾਤਾਂ: ਪਾਕਿਸਤਾਨੀ ਮੂਲ ਦੇ ਇਹ ਹਿੰਦੂ ਮੈਂਬਰ ਹੁਣ ਅਟਾਰੀ ਸਰਹੱਦ 'ਤੇ ਸਥਿਤ ਐਂਟੀਗਰੇਟਿਡ ਚੈੱਕ ਪੋਸਟ ਆਈ.ਸੀ.ਪੀ. ਦੇ ਸਾਹਮਣੇ ਬਾਹਰਵਾਰ ਸਥਿਤ ਮਾਤਾ ਦੇ ਮੰਦਰ ਬਾਹਰ ਬੀਤੇ ਕੁਝ ਦਿਨ ਤੋਂ ਡੇਰਾ ਲਾ ਕੇ ਬੈਠੇ ਹੋਏ ਹਨ ਤੇ ਖੁੱਲ੍ਹੇ ਅਸਮਾਨ ਦੇ ਹੇਠਾਂ ਇਹ ਲੋਕ ਆਪਣਾ ਜੀਵਨ ਬਸਰ ਕਰ ਰਹੇ ਹਨ। ਇਹ ਅਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਬਾਹਰ ਹੀ ਸਮਾਂ ਬਤੀਤ ਕਰ ਰਹੇ ਹਨ। ਜਿਸ 'ਚ ਪਿੰਡ ਦੇ ਲੋਕਾਂ ਵੱਲੋ ਇਨ੍ਹਾਂ ਲੋਕਾਂ ਅਤੇ ਛੋਟੇ ਛੋਟੇ ਬੱਚਿਆਂ 'ਤੇ ਤਰਸ ਖਾ ਕੇ ਇਨ੍ਹਾਂ ਨੂੰ ਖਾਣ ਪੀਣ ਲਈ ਲੰਗਰ ਦਿੱਤਾ ਜਾ ਰਿਹਾ ਹੈ।
25 ਦਿਨ ਦੇ ਵੀਜੇ 'ਤੇ ਆਏ ਸੀ ਭਾਰਤ: ਇਸ ਮੌਕੇ ਹਿੰਦੂ ਪਰਿਵਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਫ਼ਰਵਰੀ ਦੇ ਮਹੀਨੇ 25 ਦਿਨ ਦੇ ਵੀਜੇ 'ਤੇ ਅਟਾਰੀ ਵਾਹਘਾ ਸਰਹੱਦ ਦੇ ਰਸਤੇ ਭਾਰਤ ਆਏ ਸਨ ਤੇ ਉਹ ਰਾਜਸਥਾਨ ਦੇ ਜੋਧਪੁਰ ਇਲਾਕੇ ਵਿੱਚ ਰਹਿਣ ਲੱਗ ਪਏ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਜੋਧਪੁਰ ਪ੍ਰਸ਼ਾਸਨ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਹੁਣ ਅਸੀ ਵਾਪਸ ਆ ਗਏ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਡੇ ਕੁੱਝ ਮੈਂਬਰ ਪਾਕਿਸਤਾਨ ਵਿਚ ਰਹਿ ਗਏ ਹਨ, ਜਿਸ ਕਰਕੇ ਅਸੀਂ ਪਾਕਿਸਤਾਨ ਵਾਪਸ ਜਾਣ ਲੱਗੇ ਤਾਂ ਸਾਨੂੰ ਅਟਾਰੀ ਵਾਹਘਾ ਸਰਹੱਦ 'ਤੇ ਅਧਿਕਾਰੀਆ ਵਲੋਂ ਰੋਕ ਦਿੱਤਾ ਗਿਆ।
ਜੋਧਪੁਰ ਪ੍ਰਸ਼ਾਸਨ ਕੋਲੋਂ ਲੈਣੀ ਪਵੇਗੀ ਮਨਜ਼ੂਰੀ: ਉਨ੍ਹਾਂ ਕਿਹਾ ਕਿ ਵੀਜੇ ਦੀ ਤਾਰੀਕ ਵੀ ਖ਼ਤਮ ਹੋ ਗਈ ਸੀ, ਜਿਸਦੇ ਚੱਲਦੇ ਜੋਧਪੁਰ ਪ੍ਰਸ਼ਾਸਨ ਕੋਲੋਂ ਸਾਨੂੰ ਮਨਜੂਰੀ ਲੈਣ ਨੂੰ ਕਿਹਾ ਗਿਆ ਹੈ ਕਿ ਅਸੀਂ ਉਨ੍ਹਾਂ ਕੋਲੋਂ ਮਨਜੂਰੀ ਲੈਕੇ ਹੀ ਵਾਪਸ ਪਾਕਿਸਤਾਨ ਜਾ ਸੱਕਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਡਾ ਬੰਦਾ ਹੁਣ ਜੋਧਪੁਰ ਪ੍ਰਸ਼ਾਸਨ ਕੋਲੋਂ ਮਨਜੂਰੀ ਲੈਣ ਲਈ ਭੇਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੁੱਲ੍ਹ ਮੈਂਬਰ ਬੱਚੇ, ਔਰਤਾਂ ਤੇ ਬਜ਼ੁਰਗ ਪਾਕੇ 28 ਮੈਂਬਰ ਹਨ।
ਮਾਂ ਬਣਨ ਵਾਲੀ ਹੈ ਇੱਕ ਪਾਕਿਸਤਾਨੀ ਮਹਿਲਾ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਡੇ ਨਾਲ ਇੱਕ ਔਰਤ ਹੈ, ਜੋ ਮਾਂ ਬਣਨ ਵਾਲੀ ਹੈ ਅਤੇ ਜੇਕਰ ਜਲਦੀ ਸਾਨੂੰ ਪਾਕਿਸਤਾਨ ਨਾ ਭੇਜਿਆ ਗਿਆ ਤਾਂ ਸਾਨੂੰ ਹੋਰ ਵੀ ਮੁਸ਼ਕਿਲ ਖੜੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਔਰਤ ਬੱਚੇ ਨੂੰ ਇਥੇ ਜਨਮ ਦਿੰਦੀ ਹੈ ਤਾਂ ਬੱਚੇ ਦਾ ਪਾਸਪੋਰਟ ਅਤੇ ਕਾਗਜ਼ਾਤ ਬਣਾਉਣ 'ਚ ਕਾਫੀ ਸਮਾਂ ਲੱਗ ਸਕਦਾ ਹੈ। ਇਸ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਵਤਨ ਪਾਕਿਸਤਾਨ ਭੇਜ ਦਿੱਤਾ ਜਾਵੇ।