ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਨੂੰ ਲੈਕੇ ਸਰਕਾਰ ਵਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਏ ਗਏ ਹਨ। ਆਪ ਆਗੂਆਂ ਦਾ ਕਹਿਣਾ ਕਿ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਸਿਆਸੀ ਪਾਰਟੀਆਂ ਨੂੰ ਵੈਕਸੀਨ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਬਿਲਕੁਲ ਗਲਤ ਹਨ।
ਇਸ ਸਬੰਧੀ ਆਪ ਆਗੂਆਂ ਦਾ ਕਹਿਣਾ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੇ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਬਿਨੇਟ ਮੰਤਰੀ ਵਲੋਂ ਅਜਿਹਾ ਬਿਆਨ ਦੇਣਾ ਮਹਿਜ਼ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੈਕਸੀਨੇਸ਼ਨ ਨੂੰ ਲੈਕੇ ਵੀ ਸਿਆਸਤ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਡੇਰਿਆਂ 'ਚ ਹੋ ਰਹੀ ਵੈਕਸੀਨੇਸ਼ਨ ਨੂੰ ਲੈਕੇ ਕਿਹਾ ਕਿ ਸਰਕਾਰ ਵਲੋਂ ਸਿਆਸੀ ਰੋਟੀਆਂ ਸੇਕਣ ਲਈ ਡੇਰਿਆਂ 'ਚ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਦੇ ਅਜਿਹੇ ਕੈਂਪਾਂ 'ਚ ਕਿਸੇ ਵੀ ਤਰ੍ਹਾਂ ਦੀ ਸਹੂਲਤ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ।
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵਲੋਂ ਕਿਸਾਨਾਂ ਦੀ ਹਮਾਇਤ 'ਚ ਲਗਾਏ ਕਾਲੇ ਝੰਡੇ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਸ਼ਲਾਘਾਯੋਗ ਕੰਮ ਉਨ੍ਹਾਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਨਿੱਜੀ ਤੌਰ 'ਤੇ ਉਹ ਸਿੱਧੂ ਦੇ ਇਸ ਫੈਂਸਲੇ ਦੀ ਪ੍ਰਸ਼ੰਸਾ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਤੌਰ ਪੰਜਾਬੀ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦਾ ਸਾਥ ਦਿੰਦਿਆਂ ਕਾਲੇ ਦਿਨ ਵਜੋਂ ਝੰਡਾ ਆਪਣੇ ਘਰਾਂ 'ਤੇ ਲਗਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਸਾਬਕਾ ਸਾਂਸਦ ਧਰਮਵੀਰ ਗਾਂਧੀ ਨੂੰ ਸਿੱਧੂ ਦਾ ਕਾਲੇ ਝੰਡੇ ਵਾਲਾ ਤਰੀਕਾ ਪਸੰਦ