ਅੰਮ੍ਰਿਤਸਰ: ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਬਿਜਲੀ ਅਤੇ ਪੀਡਬਲਿਊਡੀ ਵਿਭਾਗ ਪੰਜਾਬ ਸਰਕਾਰ ਆਪਣੇ ਕਾਫ਼ਿਲੇ ਨਾਲ ਡੇਰਾ ਬਿਆਸ ਦਾਖਿਲ ਹੋਏ। ਐਤਵਾਰ ਸਵੇਰੇ ਕਰੀਬ ਸਵਾ 11 ਵਜੇ ਡੇਰਾ ਬਿਆਸ ਜਾਣ ਦੌਰਾਨ ਉਨ੍ਹਾਂ ਨਾਲ ਪਰਿਵਾਰਿਕ ਮੈਂਬਰ ਵੀ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਉਹ ਡੇਰਾ ਬਿਆਸ ਦਰਸ਼ਨਾਂ ਲਈ ਗਏ ਹਨ।
ਪੰਜਾਬ ਦੀ ਸਿਆਸਤ ਵਿੱਚ ਕਥਿਤ ਧਾਰਮਿਕ ਡੇਰੇ ਅਤੇ ਡੇਰਿਆਂ ਦੇ ਪੈਰੋਕਾਰਾਂ ਰੂਪੀ ਬਹੁ ਗਿਣਤੀ ਵੋਟਰਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ ਜਿਸ ਲਈ ਸਿਆਸਤਦਾਨਾਂ ਦੀਆਂ ਨਜ਼ਰਾਂ ਵੀ ਡੇਰੇ ਦੇ ਵੱਡੇ ਵੋਟ ਬੈਂਕ 'ਤੇ ਟਿਕੀਆਂ ਹੁੰਦੀਆਂ ਹਨ। ਪਰ, ਇਹ ਜਰੂਰੀ ਨਹੀਂ ਕਿ ਸਿਆਸੀ ਪਾਰਟੀਆਂ ਦੇ ਲੀਡਰ ਸਿਰਫ ਵੋਟ ਬੈਂਕ ਕਾਰਨ ਕਥਿਤ ਧਾਰਮਿਕ ਡੇਰਿਆਂ ਵਿੱਚ ਪੁੱਜਦੇ ਹਨ। ਕਾਫੀ ਸਾਰੇ ਅਜਿਹੇ ਨੇਤਾ ਵੀ ਹਨ ਜੋ ਆਸਥਾ ਦੇ ਤੌਰ 'ਤੇ ਵੀ ਵੱਖ ਵੱਖ ਡੇਰਿਆਂ ਨਾਲ ਜੁੜੇ ਹੁੰਦੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਡੇਰਾ ਬਿਆਸ ਸਿਆਸਤ ਸਬੰਧੀ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦਾ ਹੈ।
ਪਰ, ਹੁਣ ਭਾਜਪਾ ਤੋ ਬਾਅਦ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਇਕ ਕੈਬਨਿਟ ਮੰਤਰੀ ਦੀ ਡੇਰਾ ਬਿਆਸ ਫੇਰੀ ਨਾਲ ਵੀ ਕਾਫੀ ਚਰਚਾਵਾਂ ਦਾ ਵਿਸ਼ਾ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਤਸਵੀਰ ਜਿਸ ਵਿੱਚ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤੇ ਜਾ ਰਹੀ ਫੋਟੋ ਜੋ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਕਾਫੀ ਸੁਰਖੀਆਂ ਵਿੱਚ ਬਣੀ ਹੋਈ ਹੈ।
ਹਾਲਾਂਕਿ ਇਸ ਤੋਂ ਬਾਅਦ ਅੱਜ ਗੁਰੂ ਹਰਸਹਾਏ ਦੇ ਪਿੰਡ ਸੈਦੇਕੇ ਮੋਹਨ ਵਿਖੇ ਚਰਚਾ ਘਰ ਦੀ ਪੰਦਰਾਂ ਮੈਂਬਰੀ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਨੇ ਆਪਣਾ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਸ਼ਿਵ ਕੁਮਾਰ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨਾਮ ਚਰਚਾ ਘਰ ਦੇ ਅੱਗੋਂ ਲੰਘ ਰਹੇ ਸਨ ਅਤੇ ਉਨ੍ਹਾਂ ਦੇ ਕੁੱਝ ਸਮਰਥਕਾਂ ਨੇ ਉਨ੍ਹਾਂ ਨੂੰ ਰੋਕ ਕੇ ਆਪਣੀ ਕੋਈ ਸਮੱਸਿਆ ਦੱਸਣੀ ਚਾਹੀ। ਜਿਸ 'ਤੇ ਲੋਕਾਂ ਦੇ ਕਹਿਣ ਉੱਤੇ ਉਹ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਚਰਚ ਘਰ ਦੇ ਅੰਦਰ ਆ ਗਏ ਅਤੇ ਅੰਦਰ ਨਾ ਤਾਂ ਕੋਈ ਸੱਤਸੰਗ ਹੋ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪਹਿਲਾਂ ਤੋਂ ਸੱਦਾ ਪੱਤਰ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਕਰਵਾਈ ਜਾ ਰਹੀ ਨਾਮ ਚਰਚਾ ਨੂੰ ਲੈ ਕੇ ਹੰਗਾਮਾ, ਰੋਕਣ ਲਈ ਪਹੁੰਚੇ ਨਿਹੰਗ ਸਿੰਘ