ਅੰਮ੍ਰਿਤਸਰ: ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਭਰ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ (Aam Aadmi Clinic) ਦੀ ਤਰਜ਼ ’ਤੇ ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਇਸਨੂੰ ਲੈ ਕੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਕਲੀਨਿਕ ਵਿੱਚ ਚਾਰ ਮੈਂਬਰੀ ਡਾਕਟਰੀ ਅਮਲਾ ਮੌਜੂਦ ਹੈ। ਇਸ ਕਲੀਨਿਕ ਵਿੱਚ ਸਵੇਰੇ 8 ਤੋਂ ਦੁਪਿਹਰ 2 ਵਜੇ ਤੱਕ ਕੰਮ ਕਰ ਤਕਰੀਬਨ 50 ਦੇ ਕਰੀਬ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਅਫਸਰ ਬਿਕਰਮ ਸਿੰਘ ਨੇ ਦੱਸਿਆ ਕਿ ਇਹ ਆਮ ਆਦਮੀ ਕਲੀਨਿਕ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਤੋਂ ਦੁਪਿਹਰ 2 ਵਜੇ ਤੱਕ ਲੋਕਾਂ ਦਾ ਇਲਾਜ ਕਰੇਗਾ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਮੇਂ ਅਸੀਂ 4 ਲੋਕ ਇਸ ਨੂੰ ਸੰਭਾਲ ਰਹੇ ਹਾਂ ਅਤੇ ਅੱਜ 12 ਵਜੇ ਤੱਕ 50 ਤੋਂ 60 ਲੋਕ ਇੱਥੇ ਦਵਾਈ ਲੈਣ ਪਹੁੰਚੇ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ 500 ਤੋਂ 5000 ਤੱਕ ਦੇ ਟੈਸਟ ਇੱਥੇ ਕੀਤੇ ਜਾ ਰਹੇ ਹਨ।
ਓਧਰ ਦੂਜੇ ਪਾਸੇ ਦਵਾਈ ਲੈਣ ਪਹੁੰਚੇ ਰੈਨੂੰ ਸ਼ਰਮਾ ਅਤੇ ਸੂਰਜ ਨੇ ਦੱਸਿਆ ਕਿ ਪਹਿਲਾਂ ਮਾਮੂਲੀ ਵਾਇਰਲ ਦੀ ਦਵਾਈ ਲਈ ਮੈਡੀਕਲ ਸਟੋਰ ’ਤੇ 100 ਤੋ 150 ਰੁਪਏ ਲੱਗਦੇ ਸੀ ਪਰ ਹੁਣ ਇੱਥੋਂ ਮੁਫਤ ਇਲਾਜ ਦੀ ਸੁਵਿਧਾ ਮਿਲੀ ਹੈ। ਪੰਜਾਬ ਸਰਕਾਰ ਨੇ ਆਪਣਾ ਕੀਤਾ ਵਾਅਦਾ ਪੂਰਾ ਕਰ ਸਿਹਤ ਸੇਵਾਵਾਂ ਦੇ ਰੂਪ ਵਿਚ ਲੋਕਾਂ ਨੂੰ ਤੋਹਫਾ ਦਿੱਤਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਦੀ ਗੱਡੀ ਹੇਠੋਂ ਬੰਬਨੁਮਾ ਚੀਜ਼ ਬਰਾਮਦ