ਅੰਮ੍ਰਿਤਸਰ: ਇਸ ਸਮੇਂ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਲੋਕ ਆਪਣੇ ਘਰਾਂ ਅੰਦਰ ਵੜੇ ਹੋਏ ਹਨ ਅਤੇ ਰਜਾਈਆਂ ਦਾ ਨਿੱਘ ਮਾਣ ਰਹੇ ਹਨ। ਉੱਥੇ ਹੀ, ਦੂਜੇ ਪਾਸੇ ਕਈਆਂ ਲੋਕ ਲਾਵਾਰਿਸ ਸੜਕਾਂ ਤੇ ਫੁੱਟਪਾਥ ਉੱਤੇ ਰਾਤ ਗੁਜ਼ਾਰਨ ਲਈ ਮਜ਼ਬੂਰ ਹੁੰਦੇ ਹਨ। ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਇਨ੍ਹਾਂ ਨੂੰ ਕੰਬਲ ਤੇ ਹੋਰ ਜ਼ਰੂਰਤਮੰਦ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਪਰ, ਕਈ ਵਾਰ ਹਾਲਾਤ ਅਜਿਹੇ ਸਾਹਮਣੇ ਆਉਂਦੇ ਹਨ, ਜਿਸ ਨੂੰ ਦੇਖ ਦੇ ਲੂ ਕੰਢੇ ਖੜੇ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬਿਆਸ ਤੋਂ ਸਾਹਮਣੇ ਆਇਆ ਹੈ।
ਮਾਨਸਿਕ ਤੌਰ 'ਤੇ ਬਿਮਾਰ ਔਰਤ: ਸਮਾਜ ਸੇਵੀ ਸੰਸਥਾ ਦੇ ਨੌਜਵਾਨ ਰੋਹਿਤ ਅਰੋੜਾ ਨੇ ਦੱਸਿਆ ਕਿ ਜਦੋਂ ਉਹ ਹਰ ਵਾਰ ਦੀ ਤਰ੍ਹਾਂ ਸੜਕਾਂ ਉੱਤੇ ਰਾਤਾਂ ਗੁਜ਼ਾਰਦੇ ਲੋਕਾਂ ਲਈ ਕੰਬਲ ਵਗੈਰਹ ਲੈ ਕੇ ਆਏ ਤਾਂ, ਉਨ੍ਹਾਂ ਨੇ ਦੇਖਿਆ ਕਿ ਇੱਕ ਔਰਤ ਆਪਣੀ ਇੱਕ ਸਾਲ ਦੀ ਬੱਚੀ ਨਾਲ ਕੜਾਕੇ ਦੀ ਠੰਡ ਵਿੱਚ ਸੜਕ ਉੱਤੇ ਸੌ ਰਹੀ ਸੀ, ਹਾਲਾਂਕਿ ਬੱਚੀ ਦਾ ਠੰਡ ਕਾਰਨ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ, ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ।
ਰੋਹਿਤ ਨੇ ਦੱਸਿਆ ਕਿ ਫਿਰ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਕੁਝ ਦਿਨ ਪਹਿਲਾਂ ਕੋਈ ਸ਼ਰਾਬੀ/ਅਮਲੀ ਔਰਤ ਦੀ ਬੱਚੀ ਨੂੰ ਖੋਹਣ ਪਏ। ਉਨ੍ਹਾਂ ਕਿਹਾ ਕਿ ਫਿਰ ਉਨ੍ਹਾਂ ਕੋਲੋਂ ਨਹੀਂ ਰਿਹਾ ਗਿਆ ਅਤੇ ਅੰਮ੍ਰਿਤਸਰ ਪਿੰਗਲਵਾੜਾ ਸੰਸਥਾ ਨਾਲ ਸੰਪਰਕ ਕਰਕੇ ਇਸ ਬਿਮਾਰ ਔਰਤ ਤੇ ਬੱਚੀ ਦੀ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਗਲਵਾੜਾ ਸੰਸਥਾ ਦੀ ਮੁਖੀ ਇੰਦਰਜੀਤ ਕੌਰ ਦਾ ਇਨ੍ਹਾਂ ਲੋੜਵੰਦਾਂ ਨਾਲ ਵਿਵਹਾਰ ਦੇ ਕੇ ਬਹੁਤ ਖੁੱਸ਼ ਹੋਏ।
ਮਾਂ-ਬੱਚੀ ਨੂੰ ਮਿਲੀ ਛੱਤ: ਰੋਹਿਤ ਨੇ ਦੱਸਿਆ ਕਿ ਮਾਂ-ਬੱਚੀ ਨੂੰ ਪਿੰਗਲਵਾੜਾ ਸੰਸਥਾ ਦੀ ਮੁਖੀ ਇੰਦਰਜੀਤ ਕੌਰ ਨੇ ਆਪਣੇ ਕੋਲ ਲੈ ਆਉਂਦਾ ਹੈ। ਉਨ੍ਹਾਂ ਕਿਹਾ ਇਹ ਉਹ ਥਾਂ ਹੈ, ਜਿੱਥੇ ਬੰਦੇ ਦੀ ਜਾਤ, ਰੰਗ ਕੁਝ ਨਹੀਂ ਪੁੱਛਿਆ ਜਾਂਦਾ। ਸਿਰਫ਼ ਲੋੜਵੰਦਾਂ ਨੂੰ ਗਲ ਲਾ ਕੇ ਆਪਣਾਇਆ ਜਾਂਦਾ ਹੈ। ਰੋਹਿਤ ਨੇ ਦੱਸਿਆ ਕਿ ਹੁਣ ਬੱਚੀ ਰਜਾਈ ਵਿੱਚ ਨਿੱਘੀ ਹੋ ਕੇ ਸੌ ਰਹੀ ਹੈ ਜਿਸ ਨੂੰ ਦੇਖ ਕੇ ਮਨ ਨੂੰ ਖੁਸ਼ੀ ਮਿਲੀ ਹੈ।
ਲੋੜਵੰਦਾਂ ਦੇ ਚਿਹਰੇ ਉੱਤੇ ਖੁਸ਼ੀ ਹੀ ਵੱਡਾ ਸੁੱਖ: ਪਿੰਗਲਵਾੜਾ ਸੰਸਥਾ ਦੀ ਮੁਖੀ ਇੰਦਰਜੀਤ ਕੌਰ ਨੇ ਕਿਹਾ ਕਿ ਦੁਨੀਆਂ ਵਿੱਚ ਵੱਡੀਆਂ ਕੋਠੀਆਂ-ਕਾਰਾਂ ਲੈਣਾ ਸੁੱਖ ਨਹੀਂ ਹੈ, ਬਲਕਿ ਕਿਸੇ ਲੋੜਵੰਦ ਦੇ ਕੰਮ ਆਉਣਾ ਸਭ ਤੋਂ ਵੱਡਾ ਸੁੱਖ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਗਲਵਾੜਾ ਵਿੱਚ ਇੱਕ ਬੱਚਾ ਹੈ, ਜੋ ਸੁਣਨ ਵਿੱਚ ਅਸਮਰਥ ਸੀ। ਫਿਰ ਇੱਕ ਵਾਰ ਡਾ. ਜਗਦੀਪ ਦੀ ਸਹਾਇਤਾ ਦੀ ਮਦਦ ਨਾਲ ਹੋਰ ਡਾਕਟਰਾਂ ਦੀ ਟੀਮ ਆਈ ਜਿਨ੍ਹਾਂ ਨੇ ਡੈਫ ਉੱਤੇ ਸੈਮੀਨਾਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਇੱਥੇ ਹੀ ਆਪ੍ਰੇਸ਼ਨ ਕਰਨ ਦੀ ਗੱਲ ਕਹੀ ਤਾਂ, ਉਨ੍ਹਾਂ ਨੇ ਸੀਰੀਅਸ ਨਹੀਂ ਲਿਆ।
ਪਿੰਗਲਵਾੜਾ ਵਿੱਚ ਕਈਆਂ ਨੂੰ ਮਿਲੀ ਜ਼ਿੰਦਗੀ: ਇੱਕ ਸਾਲ ਅੰਦਰ ਆਪ੍ਰੇਸ਼ਨ ਥੀਏਟਰ ਕੀਤਾ ਤੇ ਅਸੀਂ ਸਾਰੀਆਂ ਤਿਆਰੀਆਂ ਕਰ ਕੇ ਈਮੇਲ ਕਰ ਦਿੱਤੀਆਂ। ਫਿਰ ਉਨ੍ਹਾਂ ਨੇ ਇੱਥੇ ਆ ਕੇ ਬੱਚੇ ਦਾ ਆਪ੍ਰੇ੍ਸ਼ਨ ਕੀਤਾ ਅਤੇ ਹੁਣ ਉਹ ਸੁਣਨ ਲੱਗਾ ਹੈ ਜਿਸ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਇੱਕ ਹੋਰ ਨੌਜਵਾਨ ਜਿਸ ਦੀਆਂ ਰੇਲ ਹਾਦਸੇ ਵਿੱਚ ਲੱਤਾਂ ਕੱਟੀਆਂ ਗਈਆਂ ਸਨ, ਜਿਸ ਨੂੰ ਇੱਥੇ ਆਰਟੀਫਿਸ਼ਲ ਅੰਗ ਲਾਏ। ਜਿਸ ਨੂੰ ਕਦੇ ਚੁੱਕ ਕੇ ਪਿੰਗਲਵਾੜਾ ਲਿਆਂਦਾ ਸੀ, ਉਹ ਜਦੋਂ ਖੁਦ ਚੱਲ ਕੇ ਮੇਰੇ ਕੋਲ ਆਇਆ ਤਾਂ ਬਹੁਤ ਖੁਸ਼ੀ ਤੇ ਦਿਲ ਨੂੰ ਸਕੂਨ ਮਿਲਿਆ।
ਜ਼ਿਕਰਯੋਗ ਹੈ ਕਿ ਸਥਾਨਕ ਨੌਜਵਾਨ ਸੇਵਾਦਾਰ ਰੋਹਿਤ ਅਰੋੜਾ, ਨਵਰੂਪ ਸਲਵਾਨ, ਰੋਹਿਤ ਮਹਿਤਾ ਅਤੇ ਹੋਰਨਾਂ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਇਲਾਕੇ ਵਿੱਚੋਂ ਕੰਬਲ ਤੇ ਹੋਰ ਗਰਮ ਕੱਪੜੇ ਇਕੱਠੇ ਕਰਕੇ ਦੇਰ ਰਾਤ ਨੂੰ ਸੜਕਾਂ ਉੱਤੇ ਸੌਂਦੇ ਲੋਕਾਂ ਨੂੰ ਦਿੱਤੇ ਜਾਂਦੇ ਹਨ। ਇਸ ਦਰਮਿਆਨ ਅਜਿਹੀਆਂ ਭਾਵੁਕ ਕਰਨ ਵਾਲੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੀ ਮਦਦ ਲਈ ਇਨ੍ਹਾਂ ਨੌਜਵਾਨਾਂ ਵੱਲੋਂ ਬਣਦਾ ਉਪਰਾਲਾ ਕੀਤਾ ਜਾਂਦਾ ਰਹਿੰਦਾ ਹੈ।