ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪੁਲਿਸ ਅਤੇ ਸੀਆਈਏ ਸਟਾਫ਼ ਵੱਲੋਂ ਲਗਾਤਾਰ ਗੈਂਗਸਟਰ ਖ਼ਿਲਾਫ਼ ਵੱਡੇ ਪੱਧਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨ ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਵਿੱਚ ਇੱਕ ਘਰ ਦੇ ਬਾਹ ਖੜ੍ਹੀ ਕਾਰ ਉੱਤੇ ਗੋਲੀਆਂ ਦਾਗਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਜੋਬਨਜੀਤ ਸਿੰਘ ਉਰਫ਼ ਜੌਬਨ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਕਾਰ ਉੱਤੇ ਗੋਲ਼ੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਯੁੱਧਵੀਰ ਸਿੰਘ ਉਰਫ਼ ਯੋਧਾ ਨੂੰ ਵੀ ਪੁਲਿਸ ਨੇ ਅਸਲੇ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਫ਼ਸਰ ਅਭਿਮੰਨਿਯੂ ਰਾਣਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਅਸਲੇ ਨਾਲ ਹੀ ਕਾਰ ਉੱਤੇ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰ ਦਾ ਇੱਕ ਸਾਥੀ ਫਿਲਹਾਲ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਸੀ ਮਾਮਲਾ: ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਛੇਹਰਟਾ ਵਿੱਚ ਬੀਤੇ 22 ਅਪ੍ਰੈਲ ਨੂੰ ਇੱਕ ਘਰ ਦੇ ਬਾਹਰ ਖੜ੍ਹੀ ਕਾਰ ਉੱਤੇ ਗੋਲੀਆਂ ਚਲਾ ਕੇ ਜਾਨੀ ਨੁਕਸਾਨ ਕਰਨ ਦੀ ਮੰਸ਼ਾ ਨਾਲ ਆਏ ਹਮਲਾਵਰ ਫਰਾਰ ਹੋ ਗਏ । ਇਸ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਮਾਮਲੇ ਵਿੱਚ ਬੀਤੇ ਕੱਲ ਆਖਿਰਕਾਰ ਸੀਆਈਏ ਸਟਾਫ਼ ਨੇ ਕਾਮਯਾਬੀ ਹਾਸਿਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਿਕ ਪੀੜਤ 22 ਅਪ੍ਰੈਲ ਨੂੰ ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗੋਲੀ ਚੱਲਣ ਦੀ ਅਵਾਜ਼ ਆਈ। ਗਲੀ ਵਿੱਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਉੱਤੇ ਸਵਾਰ ਤਿੰਨ ਹਮਲਾਵਰਾਂ ਵੱਲੋਂ ਉਸਦੀ ਕਾਰ ਉੱਤੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸ ਉੱਤੇ ਪੀੜਤ ਨੇ ਸ਼ਿਕਾਇਤ ਕਰਕੇ ਮੁਕੱਦਮਾ ਰਜਿਸਟਰ ਕਰਵਾਇਆ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵੱਲੋ ਗੈਂਗਸਟਰ ਲਖਬੀਰ ਸਿੰਘ ਉਰਡ ਲੰਡਾ ਅਤੇ ਰਵੀਸ਼ੇਰ ਸਿੰਘ ਪੁਰਤਗਾਲ ਦੇ ਕਹਿਣ ਉੱਤੇ ਜੋਬਨਜੀਤ ਸਿੰਘ ,ਜੋਗਿੰਦਰ ਸਿੰਘ,ਸਤਨਾਮ ਸਿੰਘ ਅਤੇ 02 ਹੋਰ ਨਾਮਾਲੂਮ ਹਮਲਾਵਰਾਂ ਨੇ ਮਿਲ ਕੇ ਮੁਦੱਈ ਹਰਮਿੰਦਰ ਸਿੰਘ ਦੇ ਘਰ ਦੀ ਗਲੀ ਵਿੱਚ ਖੜ੍ਹੀ ਕਾਰ ਉੱਤੇ ਗੋਲੀਆਂ ਚਲਾਈਆਂ ਸਨ।
ਪੁਲਿਸ ਮੁਤਾਬਿਕ ਬੀਤੇ ਕੱਲ੍ਹ ਦੋ ਮੁਲਜ਼ਮਾਂ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਸੀ। ਇਹਨਾਂ ਕੋਲੋਂ ਪੁਲਿਸ ਨੇ 1 ਲੱਖ 2 ਹਜਾਰ ਰੁਪਏ ਨਕਦੀ, 05 ਮੋਬਾਇਲ ਫੋਨ ਸਮੇਤ 01 ਸਕੂਟੀ ਬ੍ਰਾਮਦ ਕੀਤੀ ਸੀ। ਪੁਲਿਸ ਮੁਤਾਬਿਕ ਮਾਮਲੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਉਪਰੰਤ ਗੁਪਤ ਸੂਚਨਾਂ ਦੇ ਅਧਾਰ ਉੱਤੇ ਯੋਜਨਾਬੰਦ ਤਰੀਕੇ ਨਾਲ ਮੁਲਜ਼ਮ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਬਿਨਾਂ ਨੰਬਰ ਵਾਲੀ ਐਕਟਿਵਾ ਉੱਤੇ ਸਮੇਤ ਜੋਗਿੰਦਰ ਸਿੰਘ ਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਹੀ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਨੌਜਵਾਨਾਂ ਨੂੰ ਹੁਣ ਤੱਕ ਦਿੱਤੀਆਂ ਗਈਆਂ 29000 ਤੋਂ ਵੱਧ ਸਰਕਾਰੀ ਨੌਕਰੀਆਂ, ਹੋਰ ਅਸਾਮੀਆਂ ’ਤੇ ਭਰਤੀ ਜਾਰੀ- ਮੁੱਖ ਮੰਤਰੀ