ਅੰਮ੍ਰਿਤਸਰ:ਕਹਿੰਦੇ ਨੇ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਹ ਕਿਸੇ ਨੂੰ ਵੀ ਕਿਸੇ ਨਾਲ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਦੇ ਪਿਆਰ ਦਾ ਮਾਮਲਾ ਇੱਥੋਂ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਕੁੜੀ ਨੂੰ ਕੁੜੀ ਨਾਲ ਪਿਆਰ ਹੈ ਤੇ ਉਹ ਦੋਵੇਂ ਆਪਸ ਵਿੱਚ ਵਿਆਹ ਕਰਾਉਣਾ ਚਾਹੁੰਦੀਆਂ ਹਨ।
ਕੁੜੀ ਨੇ ਜਦੋਂ ਆਪਣੀ ਸਹੇਲੀ ਨਾਲ ਵਿਆਹ ਕਰਾਉਣ ਦੀ ਇੱਛਾ ਜਤਾਈ ਤਾਂ ਉਸ ਦੇ ਪਰਿਵਾਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪਰਿਵਾਰ ਨੇ ਕੁੜੀ 'ਤੇ ਸਖ਼ਤੀ ਕੀਤੀ ਤਾਂ ਉਹ 22 ਮਾਰਚ ਦੀ ਦੁਪਹਿਰ ਆਪਣੇ ਘਰ ਤੋਂ ਭੱਜ ਗਈ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ।
ਪੁਲਿਸ ਨੇ ਅੱਜ ਸੋਮਵਾਰ ਦੀ ਸਵੇਰ ਕੁੜੀ ਨੂੰ ਸ਼ਿਵ ਭਜਨ ਥਾਣੇ ਦੀ ਪੁਲਿਸ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਕੋਲੋਂ ਬਰਾਮਦ ਕਰ ਲਿਆ। ਜਦੋਂ ਕੁੜੀ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਣ ਲੱਗਾ ਤਾਂ ਉਸ ਨੇ ਪਰਿਵਾਰ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਸਾਰੇ ਮਾਮਲੇ ਨੂੰ ਰਿਕਾਰਡ ਕਰਦੇ ਹੋਏ ਕੁੜੀ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ। ਸ਼ਾਮੀਂ ਕੁੜੀ ਨੂੰ ਇਲਾਕਾ ਮਜਿਸਟਰੇਟ ਜਗਦੀਪ ਸਿੰਘ ਦੀ ਅਦਾਲਤ ਵਿੱਚ ਲਿਆਇਆ ਗਿਆ ਜਿੱਥੇ ਕੁੜੀ ਨੇ ਆਪਣੇ ਮਾਪਿਆਂ ਦੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਦਾਲਤ ਨੇ ਕੁੜੀ ਦੀ ਇੱਕ ਹੋਰ ਸਹੇਲੀ ਨੂੰ ਸੱਦ ਕੇ ਉਸ ਦੇ ਹਵਾਲੇ ਕਰ ਦਿੱਤਾ। ਕੁੜੀ ਆਪਣੀ ਦੂਜੀ ਸਹੇਲੀ ਨਾਲ ਜਾਣ ਲਈ ਰਾਜ਼ੀ ਹੋ ਗਈ।
ਇੰਜ ਹੋਇਆ ਕੁੜੀ ਨੂੰ ਕੁੜੀ ਨਾਲ ਪਿਆਰ
ਤਰਨਤਾਰਨ ਰੋਡ 'ਤੇ ਭਲਾਈ ਕੇਂਦਰ 'ਚ ਦੋਵੇਂ ਕੁੜੀਆਂ ਇਕੱਠੇ ਕੰਪਿਊਟਰ ਦਾ ਕੋਰਸ ਕਰਨ ਜਾਂਦੀਆਂ ਸਨ। ਇਸੇ ਦੌਰਾਨ ਉਹ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਨ ਲੱਗ ਪਈਆਂ। ਜਦੋਂ ਦੋਵਾਂ ਨੂੰ ਪਿਆਰ ਹੋ ਗਿਆ ਤਾਂ ਉਨ੍ਹਾਂ ਨੇ ਵਿਆਹ ਕਰਵਾ ਕੇ ਸਾਰੀ ਉਮਰ ਇਕੱਠੇ ਬਿਤਾਉਣ ਦਾ ਫ਼ੈਸਲਾ ਲੈ ਲਿਆ।
ਪਰਿਵਾਰ ਵਾਲਿਆਂ ਦੇ ਇਤਰਾਜ਼ ਜਤਾਉਣ 'ਤੇ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜਾਇਜ਼ ਮੰਨਦਿਆਂ ਇਕੱਠੇ ਰਹਿਣ ਦਾ ਫ਼ੈਸਲਾ ਲਿਆ ਹੈ। ਫਿਲਹਾਲ ਇੱਕ ਕੁੜੀ ਆਪਣੀ ਕਿਸੇ ਸਹੇਲੀ ਨਾਲ ਰਹਿ ਰਹੀ ਹੈ।