ਅੰਮ੍ਰਿਤਸਰ: ਅੱਜ ਕੱਲ੍ਹ ਕਰੀਬ 70 ਸਾਲ ਦੀ ਉਮਰ ਤੋਂ ਬਾਅਦ ਬਜ਼ੁਰਗ ਆਪਣੇ ਪਰਿਵਾਰ ਵਿੱਚ ਬੈਠ ਕੇ ਰੋਟੀ ਖਾਂਦੇ ਤੇ ਪੋਤੇ-ਪੋਤਿਆਂ ਨੂੰ ਖਿਡਾਉਂਦੇ ਹਨ। ਪਰ, ਸ਼ਹਿਰ ਦੇ 90 ਸਾਲਾ ਸੁਰਜੀਤ ਸਿੰਘ, ਜੋ ਕਿ ਆਪਣੀ ਉਮਰ ਦੇ ਇਸ ਪੜਾਅ ਵਿੱਚ ਵੀ ਹੱਡ ਤੋੜ ਮਿਹਨਤ ਕਰਦੇ ਹੋਏ ਤੁਹਾਨੂੰ ਅੰਮ੍ਰਿਤਸਰ ਦੇ ਬਸ ਸਟੈਂਡ ਨਜਦੀਕ ਦਿਖਾਈ ਦਿੱਤੇ ਜਾਣਗੇ। ਬਜ਼ੁਰਗ ਦਾ ਮੰਨਣਾ ਹੈ ਕਿ ਕੰਮ ਕਰਾਂਗੇ, ਤਾਂ ਖਾਵਾਂਗੇ, ਘਰ ਬੈਠਿਆ ਕਿਸੇ ਨੇ ਨਹੀਂ ਦੇਣ ਆਉਣਾ।
ਬਜ਼ੁਰਗ ਦੇ 7 ਧੀਆਂ-ਪੁੱਤਰ : ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਸੱਤ ਧੀਆਂ-ਪੁੱਤਰ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਥਾਂ ਅਤੇ ਰੇਹੜੀ ਤੋਂ ਕੰਮ ਕਰਦੇ ਹੋਏ ਉਸ ਨੇ ਆਪਣੇ ਬੱਚਿਆਂ ਨੂੰ ਪੜਾਇਆ ਤੇ ਵਿਆਹਿਆਂ ਹੈ। ਪੁੱਤਰ ਨਸ਼ਾ ਕਰਦੇ ਹਨ, ਇਹ ਦੱਸਦੇ ਹੋਏ ਸੁਰਜੀਤ ਸਿੰਘ ਭਾਵੁਕ ਹੋ ਗਿਆ, ਪਰ ਉਸ ਨੇ ਇਹ ਸਭ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ। ਸੁਰਜੀਤ ਸਿੰਘ ਅੱਜ ਵੀ ਇਸ ਤੋਂ ਹਾਰ ਕੇ ਨਹੀਂ ਬੈਠਾ, ਹੌਂਸਲੇ ਨਾਲ ਮਿਹਨਤ ਜਾਰੀ ਹੈ ਅਤੇ ਪਰਿਵਾਰ ਦਾ ਖੁਦ ਪਾਲਣ ਪੋਸ਼ਣ ਕਰ ਰਹੇ ਹਨ।
ਪਿਛਲੇ 50 ਸਾਲਾਂ ਤੋਂ ਲਾ ਰਿਹਾ ਰੇਹੜੀ, ਸਮਾਂ ਬਹੁਤ ਬਦਲਿਆ : ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਇੱਥੇ ਰੇਹੜੀ ਲਾ ਰਹੇ ਹਨ। ਪਹਿਲਾਂ ਕੁਲਚਾ 50 ਪੈਸੇ ਦਾ ਵੇਚ ਕੇ ਵੀ ਹਜ਼ਾਰਾਂ ਕਮਾ ਲੈਂਦਾ ਸੀ, ਪਰ ਹੁਣ 30-35 ਦੀ ਪਲੇਟ ਵੇਚ ਕੇ ਵੀ ਕਮਾਈ ਵਿੱਚ ਬਰਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਜ਼ਿਆਦਾ ਹੈ, ਪਰ ਕਮਾਈ ਘੱਟ ਹੈ।
ਜਿੰਨਾਂ ਚਿਰ ਸਰੀਰ ਚੱਲਦਾ, ਕਰਾਂਗਾ ਕੰਮ: 90 ਸਾਲਾਂ ਬਜ਼ੁਰਗ ਸੁਰਜੀਤ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਰੀਰ ਚੱਲ ਰਿਹਾ ਹੈ, ਉਹ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਬੈਠ ਗਿਆ, ਤਾਂ ਕੌਣ ਪੁੱਛੇਗਾ। ਸੁਰਜੀਤ ਸਿੰਘ ਨੇ ਕਿਹਾ ਕਿ ਉਹ ਖਾਲੀ ਬੈਠੇ ਅੱਖਾਂ ਬੰਦ ਕਰਕੇ ਜਹਾਨੋਂ ਨਹੀਂ ਜਾਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਉਹ ਮਿਹਨਤ ਕਰਦੇ ਰਹਿਣਗੇ। ਬਜ਼ੁਰਗ ਨੂੰ ਆਪਣੀ ਜਿੰਦਗੀ ਵਿੱਚ ਕੋਈ ਗਿਲਾ ਸ਼ਿਕਵਾ ਨਹੀ ਹੈ। ਸੁਰਜੀਤ ਸਿੰਘ ਆਪਣੇ ਆਪ ਕੰਮ ਕਰਕੇ ਕਮਾ ਕੇ ਖਾਣ ਦਾ ਜਜ਼ਬਾ ਰੱਖਦਾ ਹੈ, ਜੋ ਕਿ ਅੱਜ ਦੇ ਨੌਜਵਾਨਾਂ ਲਈ ਵੀ ਸੇਧ ਹੈ।
ਇਹ ਵੀ ਪੜ੍ਹੋ: weather update: ਪੰਜਾਬ, ਹਰਿਆਣਾ ਸਮੇਤ ਕਈ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ, ਪਹਾੜਾਂ ਵਿੱਚ ਬਰਫ਼ਬਾਰੀ