ਅੰਮ੍ਰਿਤਸਰ: ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ। ਇਸ ਕਾਰਨ ਭਾਰਤ ਵੀ ਆਰਥਿਕ, ਸਮਾਜਿਕ, ਧਾਰਮਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਅੰਮ੍ਰਿਤਸਰ ਵਿੱਚ ਲੱਖਾਂ ਹੀ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਆਉਂਦੇ ਸਨ। ਕੋਰੋਨਾ ਕਰਕੇ ਸਭ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਸੰਗਤ ਦੇ ਨਾ ਆਉਣ ਕਰਕੇ ਅੰਮ੍ਰਿਤਸਰੀਆਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਦਰਬਾਰ ਸਾਹਿਬ ਦੇ ਨੇੜੇ ਘੰਟਾ ਘਰ ਵਿੱਚ ਦੁਕਾਨਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਉਨ੍ਹਾਂ ਦੀਆਂ ਦੁਕਾਨਾਂ ਬੰਦ ਹਨ ਤੇ ਕਾਰੋਬਾਰ ਬਿਲਕੁਲ ਠੱਪ ਹੈ। ਉਹ ਧਾਰਮਿਕ ਸਮਾਨ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ, ਗੁਟਕਾ ਸਾਹਿਬ, ਕਿਤਾਬਾਂ, ਰੁਮਾਲੇ ਆਦਿ ਦਾ ਕਾਰੋਬਾਰ ਕਰਦੇ ਸਨ ਪਰ ਸ਼ਰਧਾਲੂਆਂ ਦੇ ਨਾ ਆਉਣ ਕਾਰਨ ਉਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ।
ਗੁਰਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਸਰਕਾਰ ਨੇ ਕਰਫ਼ਿਊ ਖੋਲ੍ਹ ਦਿੱਤਾ ਹੈ ਪਰ ਪੁਲਿਸ ਨਾ ਤਾਂ ਦੁਕਾਨਦਾਰਾਂ ਨੂੰ ਆਉਣ ਦਿੰਦੀ ਹੈ ਤੇ ਨਾ ਹੀ ਗਾਹਕਾਂ ਨੂੰ ਜਿਸ ਕਾਰਨ ਉਨ੍ਹਾਂ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਪ੍ਰਤੀ ਦੁਕਾਨ ਦਾ ਖਰਚਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੇ ਕਾਰੋਬਾਰ ਵਿੱਚ ਆਈ ਮੰਦੀ ਨੂੰ ਲੈ ਕੇ ਕੁਝ ਰਾਹਤ ਫੰਡ ਦੇਵੇ।
ਗੁਰਦੀਪ ਸਿੰਘ ਨੇ ਦੱਸਿਆ ਕਿ ਘੰਟਾ ਘਰ, ਓਪਨ ਮਾਰਕੀਟ ਗੋਲਡਨ ਪਲਾਜ਼ਾ, ਜਲ੍ਹਿਆਂਵਾਲਾ ਬਾਗ, ਧਰਮ ਸਿੰਘ ਮਾਰਕੀਟ, ਕੇਸਰੀ ਮਾਰਕੀਟ ਵਿੱਚ ਲਗਭਗ 600 ਦੁਕਾਨਾਂ ਹਨ।